ਪੰਨਾ:ਸੁੰਦਰੀ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ /47

ਸਾਨੂੰ ਬਹੁਤ ਹੀ ਬਚਾਉ ਕਰਨਾ ਪੈਂਦਾ ਹੈ, ਕਿਉਂਕਿ ਉਹ ਸਾਡੀਆਂ ਜੜ੍ਹਾਂ ਮੇਖਾਂ ਪੁੱਟਣ ਦੇ ਗਿਰਦ ਹਨ, ਤਾਂ ਤੇ ਇਨ੍ਹਾਂ ਕੋਲੋਂ, ਜੋ ਸ਼ਤਰੂ ਹਨ, ਭਲੇ ਦੀ ਆਸ ਨਹੀਂ ਕਰਨੀ ਚਾਹੀਏ। ਜੇਕਰ ਅਸੀਂ ਕਿਸੇ ਚੰਗੀ ਦਸ਼ਾ ਵਿਚ ਹੋਈਏ ਤਾਂ ਪਰਵਾਹ ਨਾ ਕਰੀਏ ਪਰ ਇਸ ਬਿਪਤਾ ਵਿਚ ਆਪਣਾ ਆਪ ਬਚਾਉਣਾ ਸਭ ਤੋਂ ਮੁਖ ਗੱਲ ਹੈ।

ਸੁੰਦਰੀ ਨੇ ਕਿਹਾ: ਵੀਰ ਜੀ! ਹੁਣ ਤਾਂ ਭੁੱਲ ਹੋਈ, ਫੇਰ ਕਾਹਲੀ ਨਹੀਂ ਕਰਾਂਗੀ, ਹੁਣ ਤਾਂ ਮੈਂ ਲਿਆ ਬੈਠੀ ਹਾਂ, ਪਰ ਅੱਗੇ ਨੂੰ ਮੈਂ ਵੱਡੀ ਚੌਕਸ ਰਹਾਂਗੀ। ਜੇਕਰ ਇਹ ਮਰ ਗਿਆ ਤਦ ਕੋਈ ਵਸ ਵਸੇ (ਫ਼ਿਕਰ) ਦੀ ਗੱਲ ਹੀ ਨਹੀਂ, ਜੇ ਬਚ ਗਿਆ ਤਾਂ ਅੱਖਾਂ ਤੇ ਪੱਟੀ ਬੰਨ੍ਹ ਕੇ ਕਿਤੇ ਦੂਰ ਛੱਡ ਆਵਾਂਗੇ।

ਗੱਲ ਕੀ ਭਰਾਵਾਂ ਦੀ ਖਾਤਰ- ਨਿਸ਼ਾ ਕਰਕੇ ਸੁੰਦਰੀ ਆਪਣੇ ਆਹਰ ਵਿਚ ਲੱਗੀ। ਰੋਜ਼ ਜਦ ਕੰਮ ਥੋਂ ਵਿਹਲੀ ਹੁੰਦੀ ਤਾਂ ਉਸ ਬੀਮਾਰ ਦੀ ਸੇਵਾ ਕਰਦੀ, ਉਸਦੇ ਘਾਵਾਂ ਪੁਰ ਤੇਲ ਲਾਕੇ ਪੱਟੀ ਬੰਨ੍ਹਦੀ, ਖਾਣ ਨੂੰ ਜੋ ਬਣੇ ਦੇਂਦੀ। ਕੋਈ ਮਹੀਨੇ ਕੁ ਦੀ ਸੇਵਾ ਮਗਰੋਂ ਉਸ ਮੁਗ਼ਲ ਜੁਆਨ ਦੇ ਘਾਉ ਚੰਗੇ ਹੋ ਗਏ ਅਰ ਤੁਰਨ ਫਿਰਨ ਲੱਗ ਪਿਆ। ਉਹ ਸੁੰਦਰੀ ਦਾ ਵੱਡਾ ਧੰਨਵਾਦ ਕਰਦਾ ਤੇ ਉਸਦੇ ਹਸਾਨ ਨੂੰ ਵੱਡੇ ਮਿੱਠੇ ਬਚਨਾਂ ਨਾਲ ਦੂਣਾਂ ਚੌਣਾਂ, ਕਰਕੇ ਮੰਨਦਾ ਪਰ ਵੱਡਾ ਹੈਰਾਨ ਇਸ ਗੱਲ ਉਤੇ ਹੁੰਦਾ ਸੀ, ਕਿ ਸਿੱਖ, ਜੋ ਅਤਿ ਕਰੜੇ ਹਨ; ਦਇਆਵਾਨ ਵੀ ਪਰਲੇ ਦਰਜੇ ਦੇ ਹਨ। ਇਹ ਗੁਣ ਕੇਵਲ ਇਨ੍ਹਾਂ ਵਿਚ ਹੀ ਹਨ ਜੋ ਅੱਗ ਪਾਣੀ ਦਾ ਮੇਲ ਕਰ ਰਖਿਆ ਹੈ।

ਸਰਦਾਰ ਸ਼ਾਮ ਸਿੰਘ ਨੇ ਦੋ ਚਾਰ ਸਿੰਘ ਉਸਦੀ ਤੱਕ ਵਿਚ ਪਿੱਛੇ ਛੱਡੇ ਹੋਏ ਸਨ ਕਿ ਕਿਧਰੇ ਨਿਕਲ ਨਾ ਜਾਵੇ ਅਰ ਰਸਤਾ ਮਾਲੂਮ ਕਰਕੇ ਵੈਰੀਆਂ ਨੂੰ ਖਬਰ ਨਾ ਕਰ ਦੇਵੇ। ਕੁਝ ਚਿਰ ਮਗਰੋਂ ਜਾਂ ਉਹ ਨਵਾਂ ਨਰੋਆ ਹੋ ਗਿਆ ਤਾਂ ਛੁੱਟੀ ਮੰਗਣ ਲੱਗਾ, ਇਸ ਕਰ ਕੇ ਇਹੋ ਸਲਾਹ ਹੋਈ ਕਿ ਇਸ ਦੀਆਂ ਅੱਖਾਂ ਪਰ ਪੱਟੀ ਬੰਨ੍ਹ ਕੇ ਇਕ ਸਿੱਖ ਜੰਗਲੋਂ ਕੱਢ ਕੇ ਕਿਤੇ ਦੂਰ ਇਸਨੂੰ ਛੱਡ ਆਵੇ। ਸੋ ਸਰਦਾਰ ਸ਼ਾਮ ਸਿੰਘ ਦੇ ਹੁਕਮ ਮੂਜਬ ਇਸੇ ਤਰ੍ਹਾਂ ਕੀਤਾ ਗਿਆ, ਪਰ ਸਰਦਾਰ ਜੀ ਦੇ ਜੀ ਵਿਚ ਵਸਵਸਾ ਉਦਾ ਹੀ ਰਿਹਾ ਕਿ ਗੁਰੂ ਸੁੱਖ ਕਰੇ।

Page 53

www.sikhbookclub.com