੧੦. ਕਾਂਡ
ਸੁੰਦਰੀ ਜਿਸ ਵੇਲੇ ਆਪਣੇ ਪਿਆਰੇ ਭਰਾਵਾਂ ਵਿਚੋਂ ਪਿੰਡ ਨੂੰ ਤੁਰੀ ਸੀ, ਉਸ ਤੋਂ ਪਲ ਕੁ ਮਗਰੋਂ ਸਰਦਾਰ ਸ਼ਾਮ ਸਿੰਘ, ਬਲਵੰਤ ਸਿੰਘ ਅਰ ਹੋਰ ਮੁਖੀਏ ਪੁਰਖ ਕੱਠੇ ਹੋਕੇ ਬੈਠੇ ਵਿਚਾਰਾਂ ਕਰ ਰਹੇ ਸਨ ਕਿ ਜਿਥੇ ਅਸੀਂ ਲੁਕੇ ਦਿਨ ਗੁਜ਼ਾਰ ਰਹੇ ਹਾਂ ਇਹ ਥਾਂ ਵੀ ਹੁਣ ਬਚਣਾ ਨਹੀਂ, ਜੋ ਅਵਾਈਆਂ ਲੱਖੂ ਦੀਆਂ ਆ ਰਹੀਆਂ ਹਨ ਭਿਆਨਕ ਹਨ। ਠੀਕ ਓਸ ਵੇਲੇ ਇਕ ਹੋਰ ਸਿੰਘ ਜਿਸਦਾ ਨਾਉਂ ਬਿਜਲਾ ਸਿੰਘ ਸੀ, ਆ ਪਹੁੰਚਾ। ਇਸਨੂੰ ਸ਼ਾਮ ਸਿੰਘ ਨੇ ਪਛਾਤਾ, ਆਦਰ ਨਾਲ ਪਾਸ ਬਿਠਾਯਾ ਤੇ ਦੂਸਰੇ ਜਥਿਆਂ ਦੀ ਸੁਖ ਸਾਂਦ ਪੁਛੀ। ਬਿਜਲਾ ਸਿੰਘ ਨੇ ਬੇਨਤੀ ਕੀਤੀ ਕਿ ਮੈਨੂੰ ਖਾਲਸਾ ਜੀ ਨੇ ਘਲਿਆ ਹੈ, ਤੁਸਾਂ ਨੂੰ ਪਤਾ ਹੀ ਹੈ ਕਿ ਲਖਪਤ ਰਾਏ ਨੇ ਡਾਢਾ ਹਨੇਰ ਚੁਕਿਆ ਹੋਇਆ ਹੈ, ਕਤਲਾਮ ਸ਼ੁਰੂ ਹੈ, ਧਰਮਸਾਲਾਂ ਦੀ ਬੇਅਦਬੀ ਕੀਤੀ ਹੈ ਕਈ ਥਾਂ ਪੋਥੀਆਂ ਸਾੜੀਆਂ ਹਨ ਤੇ ਸਾਰੇ ਦੇਸ਼ ਅੰਦਰ ਘਮਸਾਨ ਚੋਦੇਂ ਮਚਾ ਰੱਖੀ ਹੈ ਸੋ ਇਸ ਕਰਕੇ ਸਰਦਾਰ ਜਸਾ ਸਿੰਘ, ਸਰਦਾਰ ਹਰੀ ਸਿੰਘ, ਸਰਦਾਰ ਸੁਖਾ ਸਿੰਘ, ਗਲ ਕੀ ਸਾਰੇ ਸਰਦਾਰ ਕੱਠੇ ਹੋ ਰਹੇ ਹਨ, ਕਿਉਂਕਿ ਲਖੂ ਰਾਵੀ ਦੇ ਝੱਲਾਂ ਤੇ ਹੋਰ ਲੁਕੇਵਿਆਂ ਤੋਂ ਖਾਲਸੇ ਨੂੰ ਕੱਢ ਰਿਹਾ ਹੈ, ਤੁਸੀਂ ਭੀ ਉਧਰ ਚਾਲੇ ਪੈ ਜਾਓ। ਇਸ ਪਾਸੇ ਵੀ ਦੁਸ਼ਮਨ ਸੈਨਾਂ ਝੱਲਾਂ ਬਨਾਂ ਨੂੰ ਖੋਜਣ ਆ ਰਹੀ ਹੈ, ਤੁਸੀਂ ਏਥੇ ਅਮਨ ਵਿਚ ਨਹੀ ਰਹਿ ਸਕਦੇ।
ਇਹ ਗੱਲ ਸੁਣਕੇ ਸ਼ਾਮ ਸਿੰਘ ਨੇ ਕਿਹਾ: ਸਤਿ ਬਚਨ! ਕਿਉਂ ਭਾਈ ਬਲਵੰਤ ਸਿੰਘਾ! ਖਾਲਸਾ ਜੀ ਨੂੰ ਆਖ ਦੇਵੋ ਜੋ ਕਮਰ-ਕਸੇ ਕਰਕੇ ਚੜ੍ਹਾਈ ਦਾ ਤਿਆਰਾ ਕਰ ਲੈਣ, ਹੁਣ ਤਾਂ ਸੂਰਜ ਡੁਬਣ ਦਾ ਵੇਲਾ ਹੈ, ਇਕ ਅੱਧ ਦਿਨ ਵਿਚ ਸਭ ਕੁਝ ਹੋ ਜਾਵੇ ਤੇ ਫੇਰ ਤੜਕੇ ਤਾਰਿਆਂ ਦੀ ਛਾਵੇਂ ਕੂਚ ਹੋ ਜਾਵੇ। ਹਾਂ, ਭਾਈ ਬਿਜਲਾ ਸਿੰਘ! ਕੱਠੇ ਕਿਥੇ ਹੋਣਾ ਹੈ?