ਪੰਨਾ:ਸੁੰਦਰੀ.pdf/60

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
54/ ਸੁੰਦਰੀ

ਸਿੱਖਾਂ ਦਾ ਨਾਸ਼ ਕੀਤਾ ਚਾਹੁੰਦਾ ਹਾਂ। ਤਦ ਨਵਾਬ ਨੇ ਕਿਹਾ: ਲਖਪਤ ਰਾਇ! ਜੇ ਤੂੰ ਇਹ ਕੰਮ ਕਰੇਂ ਤਾਂ ਹੋਰ ਕੀ ਲੋੜੀਂਦਾ ਹੈ? ਤੁਹਾਨੂੰ ਪਤਾ ਹੈ ਕਿ ਲਾਹੌਰ ਦੇ ਨਵਾਬ ਯਾਹਯਾ ਖਾਂ ਨੂੰ ਪਿਓ ਨਾਲੋਂ ਬਹੁਤਾ ਸ਼ੌਕ ਸਿੱਖਾਂ ਨੂੰ ਮਾਰਨ ਦਾ ਹੈ। ਸਰਕਾਰੀ ਤੋਪਖਾਨਾ, ਫੌਜਾਂ, ਜੋ ਜੀ ਚਾਹੇ ਲੈ ਇਹਨਾਂ ਦਾ ਖੁਰਾਂ ਖੋਜ ਮੁਕਾ। ਬੱਸ ਜੀ, ਲਖਪਤ ਨੂੰ ਕੀ ਚਾਹੀਦਾ ਸੀ? ਲਾਹੌਰ ਤੋਂ ਹੀ ਸਿੱਖਾਂ ਦੀ ਕਤਲ ਤੇ ਉਹਨਾਂ ਨੂੰ ਦੁਖ ਦੇਣਾ ਆਰੰਭ ਕਰ ਦਿੱਤੇ ਸੁ। ਜੋ ਸਿੱਖ ਲਾਹੌਰ ਦੇ ਕਿਸੇ ਦਰਵਾਜ਼ੇ ਵਿਚੋਂ ਲੰਘੇ ਉਥੇ ਹੀ ਫੜਿਆ ਜਾਵੇ ਤੇ ਮਾਰਿਆ ਜਾਵੇ । ਦੋ ਤਿੰਨ ਦਿਨ ਇਹ ਹਾਲ ਰਿਹਾ ਤੇ ਅਨੇਕਾਂ ਸਿੱਖ ਮਾਰੇ ਗਏ।ਇਹ ਜੋਧੇ ਨਹੀਂ, ਸ਼ਹਿਰੀ ਵਸੋਂ ਦੇ ਸਿੱਖ ਸਨ। ਵੱਡੇ ਵੱਡੇ ਸੋਹਣੇ ਜੁਆਨ, ਵਿਲਕਦੇ ਬਾਲ ਵਹੁਟੀਆਂ ਤੇ ਮਾਵਾਂ ਛੱਡਕੇ ਕੰਮ ਕਾਜ ਗਏ ਹੋਏ ਹੀ ਮੌਤ ਦਾ ਸ਼ਿਕਾਰ ਹੋ ਗਏ, ਪਰ ਵਾਹ ਵਾਹ ਖਾਲਸਾ ਜੀ! ਕਿਸੇ ਨੇ ਧਰਮ ਵਲੋਂ ਮੂੰਹ ਨਹੀਂ ਮੋੜਿਆ, ਹੱਸ ਹੱਸ ਕੇ ਜਾਨਾਂ ਦੇਂਦੇ ਰਹੇ।

ਇਕ ਦਿਨ ਦੀ ਗੱਲ ਹੈ ਕਿ ਭਾਈ ਹਰਿਕੀਰਤ ਸਿੰਘ ਜੀ ਆਪਣੀ ਸਿੰਘਣੀ ਤੇ ਭੁਜੰਗੀ ਸਮੇਤ ਲਾਹੌਰ ਆ ਗਏ, ਉਹਨਾਂ ਨੂੰ ਕੀ ਖਬਰ ਸੀ ਜੋ ਸ਼ਹਿਰ ਵਿਚ ਕਹਿਰ ਵਰਤ ਰਿਹਾ ਹੈ ? ਅਜੇ ਸੁਨਹਿਰੀ ਮਸੀਤ ਤੋਂ ਦੁਰਾਡੇ ਹੀ ਸਨ ਕਿ ਲਖਪਤ ਸਾਮ੍ਹਣੇ ਪਾਸਿਉਂ ਘੋੜੇ ਤੇ ਚੜ੍ਹਿਆ ਆ ਗਿਆ। ਭਾਈ ਜੀ ਨੂੰ ਵੇਖ ਕੇ ਖੜਾ ਹੋ ਗਿਆ ਤੇ ਬੋਲਿਆ, “ਕੀ ਅਜੇ ਤੋੜੀ ਦਿਨ ਦਿਹਾੜੇ ਲਾਹੌਰ ਵਿਚ ਸਿੱਖ ਫਿਰ ਰਹੇ ਹਨ? ਹੇ ਰਾਮ। ਇਹ ਕਾਢਿਆਂ ਦਾ ਭੌਣ ਕਦ ਸਿਮਟੀਵੇਗਾ। ਸਿਪਾਹੀਓ! ਇਸ ਸਿਖ ਨੂੰ ਪਕੜ ਲਉ। ਭਾਈ ਹੋਰੀਂ ਝੱਟਪਟ ਫੜੇ ਗਏ, ਜਦ ਦੀਵਾਨ ਦੇ ਨੇੜੇ ਆਏ ਤਾਂ ਆਖਣ ਲਗੇ, ‘ਕਿਸ ਕਸੂਰ ਬਦਲੇ ਸਾਨੂੰ ਫੜਿਆ ਹੈ?"

—————

  • ਖਾਨ ਬਹਾਦਰ ੧੮੦੨ ਦੇ ਸਾਵਣ ਵਿਚ ਮਰਿਆ ਸੀ ਤੇ ਯਾਹਯਾ ਖਾਂ ਉਸ ਦਾ ਵਡਾ ਪੁਤਰ ਨਵਾਬ ਹੋਇਆ ਸੀ। ਜਸਪਤ ਤੇ ਲਖਪਤ ਉਸਦੇ ਵੱਡੇ ਕਾਰਦਾਰ ਬਣੇ ਤੇ ਤਦੋਂ ਬੜੇ ਜ਼ੋਰਾਂ ਵਿਚ ਸਨ। ਇਹ ਸਮਾਚਾਰ ਸੰਮਤ ੧੮੦੨ ਦੇ ਅੰਤਲੇ ਦਿਨਾਂ ਦੇ ਹਨ।
    • ਲਖਪਤ ਨੇ ਪਹਿਲੇ ਲਾਹੌਰ ਕੇ ਸਿੰਘੋਂ ਪਰ ਹਾਥ ਉਠਾਯਾ ਔਰ ਉਨਕੋ ਗ੍ਰਿਫਤਾਰ ਕਰਕੇ ਕਤਲ ਕਰਾਨੇ ਲਗਾ। (ਤਵਾਰੀਖ ਖਾ: ਹਿੱ ੨, ਸਫਾ ੭੪)