ਪੰਨਾ:ਸੁੰਦਰੀ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
56/ ਸੁੰਦਰੀ

ਫੜ ਕੇ ਸੁਆਮੀ ਨੂੰ ਕਿਹਾ, 'ਮਹਾਰਾਜ ਮੈਂ ਇਸ ਦਾ ਗਲਾ ਘੁਟਦੀ ਹਾਂ, ਅਰ ਆਪ ਮੇਰਾ ਘੁਟ ਦਿਓ, ਤੁਹਾਨੂੰ ਤਾਂ ਇਹ ਮਾਰ ਹੀ ਦੇਣਗੇ। ਛੇਤੀ ਕਰੋ, ਵਿਕਲਪ ਨਾ ਕਰੋ, ਇਸ ਵੇਲੇ ਧਰਮ ਦੀ ਆਨ ਹੈ।' ਪਰ ਸ਼ੋਕ ਕਿ ਸਿਪਾਹੀਆਂ ਨੇ ਇਸਤ੍ਰੀ ਨੂੰ ਫੜ ਲੀਤਾ ਤੇ ਲਖਪਤ ਭੀ ਡਾਢਾ ਹੈਰਾਨ ਹੋਯਾ ਕਿ ਇਹ ਬੰਦੇ ਕਿਸ ਮਿੱਟੀ ਦੇ ਘੜੇ ਹੋਏ ਹਨ? ਜਾਨ ਤਾਂ ਕੁਛ ਸਮਝਦੇ ਹੀ ਨਹੀਂ।

ਬਜ਼ਾਰ ਵਿਚ ਐਸ ਵੇਲੇ ਭੀੜ ਹੋ ਗਈ ਸੀ, ਅਣਗਿਣਤ ਲੋਕੀ ਤ੍ਰਾਹ ਤ੍ਰਾਹ ਕਰ ਰਹੇ ਸਨ। ਲਖਪਤ ਦੇ ਮਨ ਵਿਚ ਖਬਰੇ ਕੀ ਆਈ? ਆਖਣ ਲੱਗਾ ਕਿ ਜਾਓ ਪਹਿਲਾਂ ਇਸ ਬੱਚੇ ਨੂੰ ਵੱਢਣਾ ਫੇਰ ਇਸ ਤੀਵੀਂ ਨੂੰ ਤੇ ਫਿਰ ਇਸ ਸਿੱਖ ਨੂੰ। ਹਾਏ ਰਾਮ। ਮੇਰਾ ਪਿਆਰਾ ਭਰਾ ਇਨ੍ਹਾਂ ਦੁਸ਼ਟ ਸਿੱਖਾਂ ਨੇ ਮਾਰ ਦਿਤਾ, ਨਹੀਂ ਤਾਂ ਮੈਂ ਕਿਉਂ ਇਨ੍ਹਾਂ ਨੂੰ ਮਾਰਦਾ।' ਇਸ ਵੇਲੇ ਭੀੜ ਵਿਚੋਂ ਫਿਟਕਾਰ ਦੀ ਆਵਾਜ਼ ਆਈ, ਜੋ ਲਖਪਤ ਨਾ ਸਹਾਰ ਕੇ ਛੇਤੀ ਛੇਤੀ ਚਲਾ ਗਿਆ। ਉਹ ਤਿੰਨੇ ਜਣੇ ਉਸ ਦਿਨ ਮਾਰੇ ਗਏ।

ਹਰਿਕੀਰਤ ਸਿੰਘ ਦੀ ਮੌਤ ਸੁਣਕੇ ਸ਼ਾਮ ਸਿੰਘ ਵੱਡਾ ਦੁਖੀ ਹੋਯਾ, ਕਿਉਂਕਿ ਸਿੱਖਾਂ ਵਿਚ ਉਸ ਸਮੇਂ ਵਿਦਵਾਨ ਬੜੇ ਘਟ ਹੁੰਦੇ ਸਨ। ਹਰਿਕੀਰਤ ਸਿੰਘ ਇਕ ਤਕੜਾ ਗਿਆਨੀ ਸੀ ਅਰ ਨਿਰਾ ਮੁੱਖ ਗਿਆਨੀ ਹੀ ਨਹੀਂ ਸੀ, ਸਗੋਂ ਕਰਨੀ ਦਾ ਭੀ ਗਿਆਨੀ ਸੀ। ਸਾਰੇ ਸਿੰਘਾਂ ਵਿਚ ਇਸਦਾ ਵੱਡਾ ਮਾਨ ਸੀ, ਇਸ ਕਰਕੇ ਸ਼ਾਮ ਸਿੰਘ ਨੂੰ ਵੱਡੀ ਸੱਟ ਵੱਜੀ ਤੇ ਕ੍ਰੋਧ ਵਿਚ ਭਰਕੇ ਬੋਲਿਆ- "ਇਸ ਲਖਪਤ ਨਾਲ ਉਹ ਕਰਨੀ ਹੈ, ਜੋ ਸਾਰੇ ਪੰਜਾਬ ਵਿਚ ਧਾਂਕ ਪਏ। ਨਿਰਦੋਸ਼ ਤੇ ਐਡੇ ਗੁਣੀ ਪੁਰਸ਼ ਨੂੰ ਇਸ ਨੇ ਬੇਦਰਦੀ ਨਾਲ ਮਾਰਿਆ ਹੈ।"

ਬਿਜਲਾ ਸਿੰਘ— ਸਰਦਾਰ ਜੀ! ਕੀ ਕੀ ਹਾਲ ਸੁਣਾਵਾਂ? ਸਾਡੇ ਸਿਰਾਂ ਤੇ ਅਚਰਜ ਦੁਖ ਟੁੱਟ ਪਏ ਹਨ, ਘਰਾਂ ਦੀਆਂ ਕੰਧਾਂ ਤੱਕ ਵੈਰੀ ਹੋ ਗਈਆਂ ਹਨ, ਇਕ ਗੁਰੂ ਸਾਹਿਬ ਦਾ ਆਸਰਾ ਹੈ, ਜੋ ਅਸੀਂ ਕਿਸੇ ਥੋਂ ਨਹੀਂ ਲਈਦੇ, ਨਹੀਂ ਤਾਂ ਵੈਰੀਆਂ ਨੇ ਸਾਡਾ ਬੀਜ ਨਾਸ਼ ਕਰ ਦੇਣ ਵਿਚ ਕੋਈ ਕਸਰ ਨਹੀਂ ਛੱਡੀ। ਦੇਖੋ ਜਦ ਭਾਈ ਹਰਿਕੀਰਤ ਸਿੰਘ ਤੇ ਉਹਨਾਂ ਦੀ ਸਿੰਘਣੀ ਤੇ ਪੁਤ ਦੀਆਂ ਲੋਥਾਂ ਸਿੰਘਾਂ ਨੇ ਹੌਸਲਾ ਕਰਕੇ ਮੰਗੀਆਂ ਅਰ ਲੈਕੇ ਦਾਹ ਕਰ ਆਏ