ਪੰਨਾ:ਸੁੰਦਰੀ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
60/ ਸੁੰਦਰੀ

ਮੁੜ ਕੇ ਪੈਲੀਆਂ ਵਿਚ ਦੀ ਲੁਕ ਕੇ ਲੰਘ ਆਈ ਹਾਂ ਤੇ ਰਾਹ ਵਟਾ ਕੇ ਆਈ ਹਾਂ?

ਕੌੜਾ ਮੱਲ— ਤੈਨੂੰ ਜਾਨ ਪਿਆਰੀ ਨਹੀਂ?

ਤੀਵੀਂ— ਮਹਾਰਾਜ ਜੀ! ਜਾਨ ਨਾਲੋਂ ਵਧਕੇ ਹੋਰ ਕੀ ਪਿਆਰਾ ਹੋਣਾ ਹੈ? ਪਰ ਅੰਤ ਜਾਨ ਨੇ ਚਲੇ ਜਾਣਾ ਹੈ, ਧਰਮ ਨੇ ਸਾਥ ਕਦੀ ਨਹੀਂ ਛੱਡਣਾ, ਇਸ ਕਰਕੇ ਜਾਨ ਨੂੰ ਧਰਮ ਦੇ ਕੇ ਤਾਂ ਨਹੀਂ ਨਾ ਬਚਾਉਣਾ।

ਸੂਰਤ ਸਿੰਘ— ਮੰਦਰ ਨਾ ਆਉਂਦੀਉਂ ਤਾਂ ਧਰਮ ਕਿੱਧਰ ਜਾਂਦਾ ਹੈ ? ਤੀਵੀਂ— ਮਹਾਰਾਜ ਜੀ! ਅਜਿਹੇ ਗੁਰਪੁਰਬ ਦੇ ਦਿਨ ਸਤਿਗੁਰਾਂ ਤੋਂ ਬੇਮੁਖ ਹੋਇਆਂ ਫੇਰ ਢੋਈ ਕਿੱਥੇ ਮਿਲਣੀ ਹੈ? ਫੇਰ ਜਾਨ ਬਚਾਉਣ ਦੀ ਖ਼ਾਤਰ ਜਿਸ ਨਿਕਾਰੀ ਨੇ ਨਾਲ ਨਿਭਣਾ ਹੀ ਨਹੀਂ, ਤੇ ਇਸਨੇ ਇਕ ਦਿਨ ਦਗ਼ਾ ਦੇ ਜਾਣਾ ਹੈ, ਪਰ ਧਰਮ, ਪ੍ਯਾਰਾ ਧਰਮ ਉਸ ਵੇਲੇ ਭੀ ਅੰਗ ਸੰਗ ਰਹੇਗਾ। ਜਦੋਂ ਸਭੇ ਤਿਆਗ ਦੇਣਗੇ ਇਹ ਨਾਲ ਹੋਵੇਗਾ।

ਸੂਰਤ ਸਿੰਘ— ਬੀਬੀ! ਤੇਰਾ ਏਡਾ ਜਿਗਰਾ ਕਿੱਥੋਂ ਹੋ ਗਿਆ? ਇਹ ਤੇਰੀ ਉਮਰ ਸੁਖ ਭੋਗਣ ਦੀ, ਤੂੰ ਐਡੀ ਵੈਰਾਗ ਵਾਲੀ ਕਿੱਕਰ ਹੋ ਗਈ? ਤੀਵੀਂ— ਗੁਰੂ ਨਾਨਕ ਦੇਵ ਜੀ ਨੇ ਬਾਹੋਂ ਫੜਕੇ ਆਪਣੀ ਵੱਲ ਖਿੱਚ ਲਿਆ ਹੈ? ਬੱਸ ਮੈਨੂੰ ਕੁਝ ਮਾਲੂਮ ਨਹੀਂ, ਹਾਂ ਭਾਈ ਹਰਿਕੀਰਤ ਸਿੰਘ ਜੀ ਦੀ ਕਥਾ ਅੱਖਾਂ ਅੱਗੇ ਫਿਰ ਰਹੀ ਹੈ।

ਕੌੜਾ ਮਲ— ਹਾਂ, ਉਹ ਵਿਚਾਰ ਭੀ ਮਾਰਿਆ ਗਿਆ।

ਤੀਵੀਂ— ਸ੍ਰੀ ਵਾਹਿਗੁਰੂ! ਸੰਤ ਬੀ ਮਰਦੇ ਹਨ? ਸੰਤ ਆਪਣੇ ਘਰਾਂ ਨੂੰ ਜਾਂਦੇ ਹਨ, ਸੰਤਾਂ ਨੂੰ ਮਾਰਨ ਵਾਲਾ ਕੌਣ ਜੰਮਿਆ ਹੈ?

ਕੌੜਾ ਮੱਲ— ਹੱਛਾ, ਹੁਣ ਤੁਸੀਂ ਮੰਦਰ ਜ਼ਰੂਰ ਜਾਣਾ ਹੈ?

ਤੀਵੀ— ਜੋ ਸਤਿਗੁਰਾਂ ਨੂੰ ਭਾਵੇ।

ਕੌੜਾ ਮੱਲ— ਤੇਰਾ ਸੁਆਮੀ ਨਾਲ ਨਹੀਂ ਆਇਆ?

ਤੀਵੀਂ- ਜੀ ਉਹ ਸੱਚਖੰਡ ਨੂੰ ਵਿਦਾ ਹੋ ਚੁਕੇ ਹਨ। ਸੂਰਤ ਸਿੰਘ– ਬੀਬੀ! ਸਾਡੇ ਕਹੇ ਲੱਗ ਅਰ ਮੁੜ ਜਾਹ ਅਰ ਇਸ ਬਾਲ ਦੀ ਤੇ ਆਪਣੀ ਜਿੰਦ ਬਚਾ ਲੈ, ਲਖਪਤ ਅੱਗੇ ਬੈਠਾ ਹੈ, ਉਹ ਮਾਰੇ ਬਿਨਾਂ ਛਡੇਗਾ ਨਹੀਂ।