ਪੰਨਾ:ਸੁੰਦਰੀ.pdf/68

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
62 / ਸੁੰਦਰੀ

ਪੰਜਾਹ ਅਸਵਾਰ ਘੋੜੇ ਸੁੱਟਕੇ ਹਰਿਮੰਦਰ ਪਹੁੰਚੇ। ਹਰਿਮੰਦਰ ਵਿਚ ਅਗੇ ਭੋਗ ਪੈ ਚੁਕਾ ਸੀ। ਸੰਗਤ ਘਰੋ ਘਰੀ ਜਾ ਰਹੀ ਸੀ। ਕਈ ਤਾਂ ਨਿਕਲ ਭੀ ਗਏ ਸਨ, ਪਰ ਕਈ ਅਜੇ ਤੁਰੇ ਜਾਂਦੇ ਸਨ, ਜੋ ਲੱਖੂ ਦੇ ਸਿਪਾਹੀਆਂ ਨੇ ਫੜ ਲੀਤੇ ਅਰੁ ਤੀਵੀਆਂ ਤੇ ਬਾਲਾਂ ਸਣੇ ਗਾਜਰਾਂ ਵਾਂਗ ਕੱਟ ਕੇ ਰੱਖ ਦਿਤੇ। ਦੁਪਹਿਰ ਕੁ ਵੇਲੇ ਇਹ ਖ਼ਬਰ ਸੂਰਤ ਸਿੰਘ ਨੂੰ ਲੱਗੀ ਕੌੜਾ ਮੱਲ ਨਾਲ ਚੱਲਕੇ ਉਥੇ ਆਏ ਅਰ ਲੋਥਾਂ ਵੇਖ ਕੇ ਫੁੱਟ ਫੁੱਟ ਕੇ ਰੋਏ। ਛੇਕੜ ਲੱਕੜਾਂ ਪੁਵਾ ਕੇ ਉਹਨਾਂ ਦਾ ਸਸਕਾਰ ਉਥੇ ਹੀ ਕਰਵਾ ਦਿੱਤਾ ਅਤੇ ਉਸੇ ਦਿਨ ਸਿੱਖ ਜਥੇਦਾਰਾਂ ਵਲ ਜਸੂਸ ਤੋਰ ਦਿਤੇ ਕਿ ਪੰਥ ਨੂੰ ਸੰਭਾਲੋ। ਅਰ ਕਈ ਥਾਈਂ ਸਿੱਖਾਂ ਨੂੰ ਖਰਚ ਵਾਸਤੇ ਦਮੜੇ ਭੀ ਘੱਲ ਦਿੱਤੇ ਕਿ ਆਪਣਾ ਆਪਣਾ ਬਚਾ ਕਰ ਲਓ, ਲੱਖੂ ਆ ਰਿਹਾ ਹੈ।

ਜਦ ਬਿਜਲਾ ਸਿੰਘ ਹੁਰੀਂ ਇਹੋ ਜਿਹੇ ਕਈ ਦੁੱਖਾਂ ਦੇ ਸਮਾਚਾਰ ਕਹਿ ਹਟੇ ਤਾਂ ਉਸ ਵੇਲੇ ਰਾਤ ਪੈ ਰਹੀ ਸੀ, ਖਾਲਸਾ ਭੋਜਨ ਛਕ ਚੁੱਕਾ ਸੀ। ਬਲਵੰਤ ਸਿੰਘ ਉਠਕੇ ਲੰਗਰ ਵਲ ਗਿਆ, ਪਰ ਭੈਣ ਅਜੇ ਭੀ ਨਹੀਂ ਆਈ ਸੀ। ਹੁਣ ਖਾਨਿਆਉਂ ਗਈ, ਕਿ ਜ਼ਰੂਰ ਕੁਝ ਵਿਘਨ ਹੋਇਆ ਹੈ। ਓਸੇ ਵੇਲੇ ਧਰਮ ਕੌਰ ਨੂੰ ਨਾਲ ਕੀਤਾ ਅਤੇ ਵੀਹ ਕੁ ਸਵਾਰਾਂ ਨੂੰ ਸ਼ਸਤ੍ਰਧਾਰੀ ਕਰਵਾਕੇ ਪਿੰਡ ਦਾ ਰਸਤਾ ਫੜਿਆ। ਰਾਤ ਦਾ ਵੇਲਾ, ਚੜ੍ਹਾਈ ਲਹਾਈ ਦਾ ਅਵੈੜਾ ਰਸਤਾ, ਵਡੇ ਔਖ ਨਾਲ ਸਿਖ ਉਸ ਟਿਲੇ ਉਤੇ ਚੜ੍ਹੇ। ਪਗਡੰਡੀ ਉਪਰ ਇਕ ਪਠਾਣ ਦੀ ਲੋਥ ਡਿੱਠੀ, ਜਾਂ ਚੰਗੀ ਤਰ੍ਹਾਂ ਭਾਲ ਕੀਤੀ ਤਾਂ ਇਕ ਕਟਾਰ ਲੱਭੀ ਜੋ ਬਲਵੰਤ ਸਿੰਘ ਨੇ ਪਛਾਣੀ ਕਿ ਭੈਣ ਦੀ ਹੈ। ਹੁਣ ਤਾਂ ਪੱਕਾ ਨਿਸ਼ਚਾ ਹੋ ਗਿਆ ਕਿ ਭੈਣ ਕਿਸੇ ਬਲਾ ਵਿਚ ਫੇਰ ਫਸ ਗਈ ਹੈ। ਫੁਰਤੀ ਕਰਕੇ ਪਿੰਡ ਵਿਚ ਗਏ; ਬਜ਼ਾਰ ਦੇ ਲੋਕ ਕੱਠੇ ਕਰਕੇ ਪੁਛਿਆ ਤਾਂ ਇੰਨਾ ਪਤਾ ਲੱਗਾ ਕਿ ਲੌਢੇ ਵੇਲੇ ਇਕ ਡੋਲਾ ਪੰਜਾਂ ਸੱਤਾਂ ਤੁਰਕਾਂ ਦੇ ਪਹਿਰੇ ਵਿਚ ਇਥੋਂ ਲੰਘਿਆ ਹੈ। ਇਹ ਸੁਣ ਕੇ ਬਲਵੰਤ ਸਿੰਘ ਨੇ ਦੋ ਚਾਰ ਕੋਹ ਤੱਕ ਪਿੱਛਾ ਭੀ ਕੀਤਾ ਪਰ ਹੋਰ ਥਹੁ ਨਾ ਲੱਗਾ, ਛੇਕੜ ਮੁੜ ਆਏ ਅਰ ਸਾਰੇ ਮੁਖੀ ਪੁਰਖ ਕੱਠੇ ਹੋ ਕੇ ਸਲਾਹਾਂ ਕਰਨ ਲਗੇ ਕਿ ਹੁਣ ਕੀ ਕੀਤਾ ਜਾਏ। ਸਵੇਰੇ ਕੂਚ ਭੀ ਜ਼ਰੂਰ ਕਰਨੀ ਹੈ।