ਪੰਨਾ:ਸੁੰਦਰੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ

1.ਕਾਂਡ

ਇਕ ਹਰੇ ਖੇਤਾਂ ਨਾਲ ਲਹਿਲਹਾਉਂਦੇ ਮੈਦਾਨ ਵਿਚ ਇਕ ਨਿੱਕਾ ਜਿਹਾ ਪਿੰਡ ਘੁੱਗ ਵਸਦਾ ਸੀ, ਹਿੰਦੂ ਮੁਸਲਮਾਨ ਦੁਹਾਂ ਤਰ੍ਹਾਂ ਦੀ ਵੱਸੋਂ ਇਸ ਪਿੰਡ ਵਿਚ ਸੀ। ਪਿੰਡ ਥੀਂ ਕੁਝ ਦੂਰ ਇਕ ਸੰਘਣਾ ਬਨ ਅਰ ਵੱਡਾ ਸਾਰਾ ਛੰਭ ਸੀ, ਜਿਸ ਕਰਕੇ ਸ਼ਿਕਾਰ ਖੇਡਣ ਵਾਲੇ ਇਧਰ ਬਹੁਤ ਆਇਆ ਜਾਇਆ ਕਰਦੇ ਸਨ।

ਪਿੰਡ ਦੇ ਚੜ੍ਹਦੇ ਪਾਸੇ ਨੂੰ ਇਕ ਸੜਕ ਸੀ, ਇਸ ਰੁਖ਼ ਨੂੰ ਪਿੰਡ ਦੀ ਬਾਹਰਲੀ ਲਾਂਭ ਵਲ ਇਕ ਧਨਾਢ ਹਿੰਦੂ 'ਸ਼ਾਮਾ' ਨਾਮ ਦਾ ਘਰ ਸੀ, ਜਿਸ ਦੀ ਧੀ ਦਾ ਮੁਕਲਾਵਾ ਹੋਣ ਵਾਲਾ ਸੀ। ਦੁਪਹਿਰ ਢਲ ਗਈ ਅਰ ਨਿੱਕੀ ਨਿੱਕੀ ਪੌਣ ਰੁਮਕਣ ਲੱਗ ਗਈ, ਸ਼ਾਮੇ ਦੇ ਘਰ ਮੁਕਲਾਵੇ ਦੀ ਤਿਆਰੀ ਵਿਚ ਇੱਡਾ ਧੂੰਆਂ ਤੇ ਹੁੰਮਸ ਹੋ ਰਿਹਾ ਸੀ ਕਿ ਅੰਦਰ ਖਲੋਣਾ ਔਖਾ ਹੋ ਗਿਆ। ਮੁਕਲਾਈ ਜਾਣ ਵਾਲੀ ਮੁਟਿਆਰ ਕੁੜੀ, ਜਿਸ ਦਾ ਨਾਉਂ ਸੁਰੱਸਤੀ ਸੀ, ਅਰ ਬੜੀ ਸੁੰਦਰ ਸੀ, ਇਸ ਧੂੰਏਂ ਤੋਂ ਨੱਕ ਜਿੰਦ ਆਕੇ ਆਪਣੀਆਂ ਸਹੇਲੀਆਂ ਨਾਲ (ਜੋ ਘਰ ਦੇ ਪਿਛਵਾੜੇ ਸੜਕ ਦੇ ਨੇੜੇ ਪਈਆਂ ਖੇਡਦੀਆਂ ਸਨ) ਚਲੀ ਗਈ। ਇਥੇ ਤਾਂ ਕੁੜੀਆਂ ਦਾ ਤ੍ਰਿੰਝਣ ਲੱਗਾ ਹੋਇਆ ਸੀ, ਸਭੇ ਜੁਆਨ ਮੁਟਿਆਰਾਂ ਸਨ, ਕਈ ਵਿਆਹੀਆਂ, ਕਈ ਮੁਕਲਾਈਆਂ ਤੇ ਕਈ ਅਜੇ ਕੁਆਰੀਆਂ ਸਨ। ਸਭਨਾਂ ਦੇ ਚਿਹਰੇ ਕੋਝੇ ਕਹਿਣ ਜੋਗੇ ਨਹੀਂ ਸਨ, ਪਰ ਸੁਰੱਸਤੀ ਦੀ ਸੁੰਦਰਤਾ ਅੱਗੇ ਸੱਭੇ ਇਉਂ ਮਾੜੇ ਸਨ ਜਿਵੇਂ ਚੰਦ ਚੜ੍ਹੇ ਤਾਰੇ। ਹੱਸਦੀਆਂ ਖੇਡਦੀਆਂ ਕੁੜੀਆਂ ਇਕ ਅਸਚਰਜ ਤਮਾਸ਼ਾ ਹੋ ਰਹੀਆਂ ਸਨ, ਜੋ ਇੰਨੇ ਨੂੰ ਦੋ ਹੋਰ ਮੁਟਿਆਰ ਖਤ੍ਰੇਟੀਆਂ ਨਿਨਾਣ ਭਾਬੀ,