ਪੰਨਾ:ਸੁੰਦਰੀ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
64 / ਸੁੰਦਰੀ

ਫਕੀਰ ਹੁਰੀਂ ਸਿੱਖਾਂ ਦੇ ਨਾਮ ਥੋਂ ਅਜਿਹੇ ਡਰੇ ਜੋ ਟੱਟੂ ਤੇ ਪਲਾਕੀ ਮਾਰ ਉਸ ਨੂੰ ਪਯੇ ਪਾ ਦਿੱਤਾ ਅਰ ਝੱਟ ਪੱਟ ਪੱਤਣ ਉਤੇ ਪਹੁੰਚ ਗਏ। ਅੱਗੋਂ ਕੀ ਦੇਖਦੇ ਹਨ ਜੋ ਇਕ ਬੇੜੀ ਹੈ ਅਰ ਉਸ ਦਾ ਪੂਰ ਪੂਰਾ ਹੋ ਗਿਆ ਹੈ; ਲੱਗੇ ਮਿੰਨਤਾਂ ਕਰਨ ਵਾਸਤੇ ਅੱਲਾ ਪਾਕ ਦੇ ਮੈਨੂੰ ਭੀ ਬਿਠਾ ਲਓ। ਉਸ ਬੇੜੀ ਵਿਚ ਇਕ ਸਰਦਾਰ ਤੇ ਬੇਗਮ ਦਾ ਡੋਲਾ ਸੀ, ਕੁਝ ਘੋੜੇ ਅਤੇ ਨੌਕਰ ਚਾਕਰ ਵੀ ਸਨ। ਅਮੀਰ ਨੇ ਤਾਂ ਸਾਂਈਂ ਦੀ ਇਕ ਨਾ ਮੰਨੀ, ਪਰ ਮਲਾਹ ਲੋਕੀ ਫ਼ਕੀਰਾਂ ਥੋਂ ਬਹੁਤ ਡਰਦੇ ਹਨ, ਕਿਉਂਕਿ ਓਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਫ਼ਕੀਰਾਂ ਦੀ ਬਦ ਦੁਆ ਨਾਲ ਬੇੜੇ ਡੁਬ ਜਾਂਦੇ ਹਨ। ਗੱਲ ਕਾਹਦੀ, ਮਲਾਹ ਦੇ ਕਹਿਣ ਪੁਰ ਵਿਚਾਰੇ ਨੂੰ ਥਾਂ ਮਿਲ ਗਈ। ਟੱਟੂ ਵੀ ਇਕ ਨੁਕਰੇ ਖੜਾ ਕਰ ਦਿੱਤਾ ਤੇ ਮਲਾਹ ਨੇ ਸਾਂਈਂ ਦਾ ਨਾਉਂ ਲੈ ਬੇੜਾ ਠੇਲ੍ਹ ਦਿੱਤਾ।

ਇਸ ਵੇਲੇ ਅਕਾਸ਼ ਵਿਚ ਕਿਤੇ ਕਿਤੇ ਬੱਦਲ ਸਨ ਅਰ ਪੌਣ ਸਹਿਜੇ ਸਹਿਜੇ ਵਗ ਰਹੀ ਸੀ। ਫ਼ਕੀਰ ਹੁਰੀਂ ਮਸਤੀ ਵਿਚ ਆਕੇ ਲੱਗੇ ਕੁਰਾਨ ਸ਼ਰੀਫ ਦੀਆਂ ਆਇਤਾਂ ਗਾਉਣ। ਉਸ ਮਸਤੀ ਵਿਚ ਕਿਤੇ ਇਹ ਟੱਪਾ ਭੀ ਗਾਉਂ ਗਏ ਮੇਰੋ ਸੁੰਦਰ ਕਹਹੁ ਮਿਲੇ ਕਿਤੂ ਗਲੀ।" ਸੱਚਮੁਚ ਐਸ ਵੇਲੇ ਨਦੀ ਦਾ ਸਮਾਂ, ਬੱਦਲ ਦੀ ਮੌਜ, ਹਵਾ ਦੇ ਨੌਕੇ ਤੇ ਫ਼ਕੀਰ ਦੀ ਮਸਤ ਲੈ ਇਕ ਜਾਦੂ ਸੀ, ਸਾਰੇ ਜਣੇ ਮਸਤ ਹੋ ਗਏ ਅਰ ਫ਼ਕੀਰ ਉਤੇ ਡਾਢੇ ਪ੍ਰਸੰਨ ਹੋਏ। ਅਮੀਰ ਹੁਰੀਂ ਵੀ ਸਰੂਰ ਵਿਚ ਸਿਰ ਹਿਲਾਉਣ ਲੱਗ ਪਏ, ਪਰ ਬੇਗਮ ਸਾਹਿਬ ਨੂੰ ਖ਼ਬਰੇ ਕੀ ਵੈਰਾਗ ਆਇਆ ਕਿ ਅਜੇਹਾ ਡੂੰਘਾ ਅਰ ਦਰਦ ਭਰਿਆ ਹੋਇਆ ਠੰਢਾ ਸਾਹ ਲਿਆ ਕਿ ਸਾਂਈਂ ਹੁਰੀਂ ਮਸਤੀ ਭੁੱਲ ਕੇ ਤਬਕ ਉਠੇ ਅਰ ‘ਲਾਹੌਲ ਵਲਾ ਕੁਵਤ’ ਪੁਕਾਰਨ ਲੱਗ ਪਏ। ਪਰ ਅਮੀਰ ਇਹ ਹਾਲ ਵੇਖ ਕੇ ਬੋਲਿਆ, ‘ਸਾਂਈਂ ਜੀ! ਖ਼ੈਰ ਮਿਹਰ ਹੈ, ਤੁਸੀਂ ਗਾਵੀਂ ਚਲੋ ਛੇਕੜਲਾ ਟੱਪਾ ਜ਼ਰਾ ਫੇਰ ਲੈਅ ਨਾਲ'। ਸਾਂਈਂ ਹੋਰਾਂ ਨੇ ਫਿਰ ਸੁਰ ਲਾਈ ਤੇ ਤੁਕ ਗਾਵੀਂ। ਫੇਰ ਬੇਗਮ ਸਾਹਿਬ ਨੇ ਹਉਕਾ ਭਰਿਆ ਅਰ ਨਾਲ ਹੀ ਇਹ ਗੱਲ ਮੂੰਹੋਂ ਨਿਕਲੀ 'ਸ਼ੋਕ'!

ਹੁਣ ਫ਼ਕੀਰ ਹੋਰੀਂ ਸਭੇ ਰਾਗ ਛੱਡ ਕੇ ਅਮੀਰ ਨੂੰ ਆਖਣ ਲੱਗੇ, ‘ਤੂੰ ਕਾਫ਼ਰ ਹੈਂ ਜੋ ਬੀਵੀ ਨੂੰ ਤੰਗ ਰੱਖਦਾ ਹੈਂ, ਖੁਦਾ ਪਾਕ ਦਾ ਹੁਕਮ ਆਪਣੀ ਔਰਤ ਉਤੇ ਸਖ਼ਤੀ ਕਰਨ ਦਾ ਨਹੀਂ।' ਅਮੀਰ ਨੇ ਉਸਨੂੰ ਬਹੁਤ ਕੁਝ