ਪੰਨਾ:ਸੁੰਦਰੀ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 67

ਫੂਕਦਾ ਹੈ। ਸੁੰਦਰੀ, ਬਹਾਦਰ ਸੁੰਦਰੀ, ਧਰਮੀ ਸੁੰਦਰੀ ਪਲੋ ਪਲੀ ਵਿਚ ਨਜ਼ਰੋਂ ਉਹਲੇ ਹੋ ਗਈ।

ਸਾਂਈਂ ਹੁਰਾਂ ਭੀ ਥੋੜ੍ਹੀ ਦੂਰ ਜਾਕੇ ਤੰਬਾ ਲਾਹਿਆ ਤਾਂ ਕਛਹਿਰਾ ਨਿਕਲਿਆ, ਚੋਗਾ ਲਾਹਿਆ ਤਾਂ ਕੁੜਤਾ ਕਮਰਕੱਸਾ ਤੇ ਤਲਵਾਰ ਦਿੱਸੀ। ਗੁਥਲਾ ਖੋਲ੍ਹ ਦਸਤਾਰ ਸਜਾਈ ਤਦ ਕਾਯਾਂ ਹੀ ਪਲਟ ਗਈ। ਕਿਥੇ ਸਾਂਈਂ ਜੀ ਸਨ, ਕਿਥੇ ਬਿਜਲਾ ਸਿੰਘ ਜੀ ਬਣ ਗਏ। ਹੁਣ ਆਪ ਪੱਤਣ ਤੇ ਨਾਕੇ ਕੋਲ ਪਹੁੰਚੇ, ਜਿਥੋਂ ਸਾਰਾ ਖਾਲਸਾ ਪਾਰ ਹੋ ਚੁਕਾ ਸੀ। ਬਲਵੰਤ ਸਿੰਘ ਅਰ ਸਾਰੇ ਸਿਖ, ਜੋ ਸੁੰਦਰੀ ਦੀ ਭਾਲ ਦਸ ਦਸ ਕੋਹ ਤੱਕ ਕਰ ਆਏ ਸਨ, ਨਿਰਾਸ ਮੁੜ ਆਏ ਸਨ। ਬਿਜਲਾ ਸਿੰਘ ਨੇ ਸੁੰਦਰੀ ਦਾ ਸਾਰਾ ਹਾਲ ਦੱਸਿਆ, ਉਸੇ ਵੇਲੇ ਬਲਵੰਤ ਸਿੰਘ ਤੇ ਦਸ ਕੁ ਹੋਰ ਸਿੰਘ ਭਾਲ ਕਰਨ ਉਸ ਰੁਖ਼ ਨੂੰ ਗਏ ਜਿਧਰ ਬਿਜਲਾ ਸਿੰਘ ਨੇ ਪਤਾ ਦਿੱਤਾ ਸੀ ਕਿ ਸੁੰਦਰੀ ਗਈ ਹੈ ਤੇ ਬਾਕੀ ਫ਼ੌਜ ਨਦੀ ਦੀ ਉਤਰ ਪਛੋਂ ਦੇ ਰੁਖ਼ ਨੂੰ ਤੁਰ ਪਈ।