ਪੰਨਾ:ਸੁੰਦਰੀ.pdf/76

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
70 / ਸੁੰਦਰੀ

ਸੁਖਾ ਸਿੰਘ ਨਾਮੇ ਇਕ ਸਿੰਘ ਸੀ, ਜੋ ਪਹਿਲੇ ਆਪਣੇ ਪਿੰਡ ਵਿਚ ਵੱਸਦਾ ਸੀ ਅਰ ਤੁਰਕਾਂ ਦੇ ਜ਼ੁਲਮ ਤੋਂ ਡਰਦੇ ਉਸਦੇ ਮਾਪਿਆਂ ਨੇ ਉਸਦੀ ਬੇਹੋਸ਼ੀ ਵਿਚ ਉਸਦੇ ਕੇਸ ਕਤਰਾ ਦਿੱਤੇ ਸਨ। ਸੁੱਖਾ ਸਿੰਘ ਇਹ ਅਨਰਥ ਦੇਖ ਕੇ ਆਤਮਘਾਤ ਕਰਨ ਲੱਗਾ ਸੀ ਕਿ ਇਕ ਸਿੱਖ ਨੇ ਕਿਹਾ, ‘ਸ਼ਹੀਦ ਹੋਕੇ ਮਰ, ਅਜਾਈਂ ਮੌਤ ਕਿਉਂ ਮਰਦਾ ਹੈਂ? ਤਦੋਂ ਹੀ ਸੁੱਖਾ ਸਿੰਘ ਸਾਡੇ ਸਰਦਾਰ ਸ਼ਾਮ ਸਿੰਘ ਦੇ ਜਥੇ ਵਿਚ ਅੱਪੜਿਆ ਸੀ ਤੇ ਸਰਦਾਰ ਪਾਸੋਂ ਮੁੜ ਅੰਮ੍ਰਿਤ ਛਕ ਕੇ ਅਜਿਹਾ ਪੱਕਾ ਬਹਾਦਰ ਸਿੰਘ ਹੋ ਗਿਆ ਸੀ ਕਿ ਉਸਦੀਆਂ ਬਹਾਦਰੀਆਂ ਦੀ ਪੰਥ ਵਿਚ ਧਾਂਕ ਪੈ ਗਈ ਸੀ। ਐਥੋਂ ਤਾਂਈਂ ਕਿ ਪੰਥ ਨੇ ਉਸਨੂੰ ਇਕ ਜਥੇ ਦਾ ਸਰਦਾਰ ਥਾਪ ਦਿੱਤਾ ਸੀ, ਸੋ ਇਹ ਬਹਾਦਰ ਹਾਕਮਾਂ ਦਾ ਮਿਹਣਾ ਸੁਣਕੇ ਇਕ ਵੇਰ ਦਿਨ-ਦੀਵੀਂ ਸ੍ਰੀ ਅੰਮ੍ਰਿਤਸਰ ਇਸ਼ਨਾਨ ਕਰਨ ਗਿਆ ਸੀ। ਪਹਿਰੇ ਦੀ ਫੌਜ ਨੇ ਸਾਹਮਣਾ ਕੀਤਾ, ਤਾਂ ਇਸ ਇਕਲੇ ਨੇ ਕਈਆਂ ਦੇ ਆਹੂ ਲਾਹੇ ਅਰ ਜੀਊਂਦਾ ਨਿਕਲ ਗਿਆ। ਇਸ ਗੱਲ ਤੇ ਸ਼ਰਮ ਖਾ ਕੇ ਹਾਕਮਾਂ ਨੇ ਸ੍ਰੀ ਅੰਮ੍ਰਿਤਸਰ ਜੀ ਦੇ ਤਾਲ ਵਿਚ ਮਿੱਟੀ ਪਾ ਕੇ ਭਰ ਦਿੱਤਾ ਅਰ ਨ੍ਹਾਉਣ ਦੀ ਕੋਈ ਵਾਹ ਨਾ ਰਹਿਣ ਦਿੱਤੀ। ੧੮੦੨ ਬਿ: ਵਿਚ ਖਾਨ ਬਹਾਦਰ ਮੋਇਆ ਤੇ ਯਾਹੀਯਾ ਖਾਂ ਨੇ ਹਕੂਮਤ ਸੰਭਾਲੀ, ਇਸ ਨੇ ਪਿਉ ਤੋਂ ਵੱਧ ਅੱਤ ਚਾਈ।

ਅਜਿਹਾ ਭਿਆਨਕ ਹਾਲ ਖਾਲਸੇ ਦਾ ਉਸ ਸਮੇਂ ਸੀ ਕਿ ਕੱਖ ਵੀ ਵੈਰੀ ਹੋ ਰਹੇ ਸਨ।

ਹੁਣ ਆਪਣੀ ਕਥਾ ਦੀ ਲੜੀ ਫੇਰ ਜੋੜਦੇ ਹਾਂ-

ਜਦ ਸੁੰਦਰੀ ਘੋੜੇ ਤੇ ਚੜ੍ਹਕੇ ਨੱਠੀ ਹੈ, ਤਦ ਪੱਤਣ ਤੋਂ ਅੱਗੋਂ ਦੀ ਕਿੱਡੀ ਵਿੱਥ ਪਰ ਹੋਕੇ ਨਿਕਲ ਗਈ ਤੇ ਇਸ ਨੂੰ ਖਾਲਸੇ ਦਾ ਦਲ ਕਿਤੇ ਨਾ ਮਿਲਿਆ, ਕਿਉਂਕਿ ਇਸ ਨੂੰ ਰਸਤਿਆਂ ਦਾ ਪਤਾ ਮਲੂਮ ਨਹੀਂ ਸੀ। ਹੁਣ ਕਦਮ ਕਦਮ ਤੇ ਇਹ ਸੰਸਾ ਉਤਪਨ ਹੁੰਦਾ ਸੀ ਕਿ ਵੈਰੀ ਮੇਰੇ ਮਗਰ ਆਏ ਕਿ ਆਏ। ਘੋੜੇ ਚੜੀ ਜਾਂਦੀ ਮੁੜ ਮੁੜ ਪਿਛੇ ਵੇਖਦੀ ਅਰ ਦਿਲ ਵਿਚ ਸ਼ੋਕ ਕਰਦੀ ਹੈ ਕਿ ਕਟਾਰ ਉਸ ਸਿਪਾਹੀ ਦੇ ਢਿੱਡ ਵਿਚ ਰਹੀ, ਜਿਸਨੂੰ ਪਹਾੜੀ

—————

  • ਪੂਰਾ ਪ੍ਰਸੰਗ ਪੰਥ ਪ੍ਰਕਾਸ਼ ਕ੍ਰਿਤ ਰਤਨ ਸਿੰਘ ਭੰਗੂ ਜੀ ਵਿਚ ਹੈ।