ਪੰਨਾ:ਸੁੰਦਰੀ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 71

ਉਤੇ ਮਾਰਿਆ ਸੀ ਅਰ ਤਲਵਾਰ ਉਸ ਅਮੀਰ ਨਾਸ਼ੁਕਰੇ ਦੇ ਪੇਟ ਪਾਸ ਸੁਟੀ, ਕੋਈ ਹਥਿਆਰ ਨਾਲ ਨਾ ਲਿਆਈ, ਜੇ ਕੋਈ ਮਾਮਲਾ ਆ ਬਣਿਆ ਤਾਂ ਕੀ ਕਰਾਂਗੀ ? ਫੇਰ ਜੀ ਵਿਚ ਇਹ ਸੋਚਦੀ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਐਡੇ ਕਸ਼ਟਾਂ ਵਿਚੋਂ ਕੱਢ ਲਿਆ ਹੈ ਉਹ ਹਰ ਵੇਲੇ ਸਹਾਈ ਹਨ, ਮੈਂ ਕਿਉਂ ਡੋਲਾਂ ? ਇਸ ਸਿੰਘਣੀ ਦਾ ਜਿਗਰਾ ਕਿਹਾ ਹੌਂਸਲੇ ਵਾਲਾ ਸੀ। ਪੇਟੋਂ ਭੁਖੀ ਸਫਰ ਦੀ ਥੱਕੀ ਟੁੱਟੀ ਹੋਈ ਕੈਦ ਦੇ ਅਸਹਿ ਕਸ਼ਟਾਂ ਤੋਂ ਹੁਟੀ ਹੋਈ, ਭਰਾਵਾਂ ਦੇ ਵਿਛੋੜੇ ਤੋਂ ਘਾਬਰੀ ਹੋਈ, ਉਜਾੜ ਬੀਆਬਾਨ ਵਿਚ ਇਕੱਲੀ ਭਟਕਦੀ ਹੋਈ ਗੁਰੂ ਜੀ ਨੂੰ ਆਪਣਾ ਸੱਚਾ ਸਹਾਈ ਜਾਣਕੇ ਦਿਲ ਦੀ ਕੁਦਰਤੀ ਨਿਰਾਸ ਕਰਨ ਵਾਲੀ ਦਿਲਝਵੀਂ ਨੂੰ ਵਿਚਾਰ ਨਾਲ ਜਿੱਤ ਰਹੀ ਹੈ। ਕੁਛ ਦੂਰ ਜਾਕੇ ਅਚਾਨਕ ਇਕ ਛੰਭ ਨਿਰਮਲ ਜਲ ਦਾ ਦਿੱਸਿਆਂ ਜ਼ਿਸ ਦੇ ਕਿਨਾਰੇ ਰੰਗ ਰੰਗ ਦੇ ਪੰਛੀ ਕਲੋਲ ਕਰ ਰਹੇ ਸਨ। ਨਿਰਮਲ ਜਲ ਵੇਖਕੇ ਸੁੰਦਰੀ ਨੇ ਬੇਵਸੀ ਹੋ ਘੋੜੇ ਤੋਂ ਉਤਰ ਕੇ ਉਸਨੂੰ ਇਕ ਬੁਟੇ ਨਾਲ ਬੰਨਿਆ, ਜ਼ਰਾ ਸੰਸੜਾ ਕੇ ਇਸ਼ਨਾਨ ਕੀਤਾ, ਅਰ ਕੁਝ ਜਲ ਛਕਿਆ, ਫੇਰ ਜਪੁਜੀ ਸਾਹਿਬ ਦਾ ਪਾਠ ਕੀਤਾ, ਹਜ਼ਾਰੇ ਦੇ ਸ਼ਬਦ ਪੜੇ, ਪ੍ਰਾਰਥਨਾ ਕਰਦੀ ਹੋਈ ਅਜਿਹੀ ਮਗਨ ਹੋਈ ਕਿ ਮਾਨੋਂ ਪੱਥਰ ਦੀ ਮੂਰਤੀ ਬੈਠੀ ਹੈ। ਮੁਰਗਾਬੀਆਂ ਤੇ ਸਾਰਸ ਅਰ ਕਈ ਤਰ੍ਹਾਂ ਦੇ ਪੰਖੀ ਉਸਦੇ ਆਲੇ ਦੁਆਲੇ ਨਿਰਭੈ ਫਿਰਨ ਲੱਗ ਪਏ। ਇਸ ਦਸ਼ਾ ਵਿਚ ਉਸਨੂੰ ਕੋਈ ਚਾਰ ਪੰਜ ਘੜੀਆਂ ਬੀਤ ਗਈਆਂ, ਪਰ ਸੁੰਦਰੀ ਨੂੰ ਇਕ ਪਲ ਜਿੰਨਾ ਭੀ ਨਾ ਭਾਇਆ, ਕਿਉਂਕਿ ਉਹ ਇਕਾਗਰ ਹੋਈ ਸੁਖੋਪਤੀ ਤੇ ਆਤਮਾਨੰਦ ਦੇ ਰਲਵੇਂ ਰੰਗ ਵਿਚ ਟਿਕ ਗਈ ਸੀ। ਦੁਨੀਆਂ ਦੇ ਸਾਰੇ ਦੁਖੜੇ ਐਸ ਵੇਲੇ ਭੁਲ ਗਏ ਸਨ। ਨਾਮ ਦੀ ਖਿੱਚ ਕਰਕੇ ਟਿਕੀ ਹੋਈ ਸੁੰਦਰੀ ਆਪ ਸੀ ਯਾ ਗੁਰੂ ਮਹਾਰਾਜ ਜੀ, ਜਿਨ੍ਹਾਂ ਵਿਚ ਉਸਦੀ ਸੂਰਤ ਲੱਗ ਰਹੀ ਸੀ।

ਇਸ ਦਸ਼ਾ ਵਿਚੋਂ ਸੁੰਦਰੀ ਦੀ ਜਾਗ ਇਕ ਬੰਦੂਕ ਦੀ ਗੋਲੀ ਦੀ ਆਵਾਜ਼ ਨਾਲ ਖੁਲ੍ਹੀ ਅੱਖਾਂ ਖੁਲੀਆਂ ਤਾਂ ਕੀ ਵੇਖਦੀ ਹੈ ਕਿ ਛੰਭ ਦੇ ਦੂਜੇ ਕੰਢੇ ਦੱਸ ਵੀਹ ਸਵਾਰ ਸ਼ਿਕਾਰ ਖੇਡ ਰਹੇ ਹਨ। ਉਹਨਾਂ ਦੀ ਗੋਲੀ ਸੁੰਦਰੀ ਦੇ ਕੋਲੋਂ ਦੀ ਇਕ ਗਿੱਠ ਭਰ ਫੋਰਕ ਤੇ ਸਰਰ ਕਰਦੀ ਲੰਘ ਗਈ ਸੀ ਅਰ ਇਸਦੇ ਨੇੜੇ ਇਕ ਸੁਰਖਾਬ ਨੂੰ ਫੰਡ ਗਈ ਸੀ। ਇਹ ਵੇਖ ਸੁੰਦਰੀ ਘਬਰਾ