ਸੁੰਦਰੀ / 75
ਆਗੂ ਸਨ ਅਰ ਵੱਡੇ ਜੋਧੇ ਤੇ ਸਚੇ ਸਿੰਘ ਸਨ, ਅੱਪੜ ਚੁਕੇ ਸਨ। ਜਦ ਸਰਦਾਰ ਸ਼ਾਮ ਸਿੰਘ ਪਹੁੰਚਿਆ, ਤਦ ਵੱਡੇ ਆਦਰ ਭਾ ਨਾਲ ਕੀ, ਭਰਾਵਾਂ ਨਾਲੋਂ ਭੀ ਅਧਿਕ ਸਨੇਹ ਨਾਲ ਮਿਲੇ। ਸੁੰਦਰੀ ਦੀ ਵਿਥਯਾ ਤੇ ਜਸ ਤੇ ਪੰਥ ਸੇਵਾ ਦਾ ਚਰਚਾ ਬੀ ਸਾਰੇ ਫੈਲਿਆ ਹੋਇਆ ਸੀ, ਉਹ ਭੀ ਸਭਨਾਂ ਨੂੰ ਮਿਲ ਕੇ ਖੁਸ਼ ਹੋਈ ਅੱਜ ਭਾਵੇਂ ਸਾਰੇ ਸਿੰਘ ਬਿਪਤ ਕਾਲ ਵਿਚ ਕੱਠੇ ਹੋਏ ਸਨ, ਪਰ ਉਨ੍ਹਾਂ ਦਾ ਪ੍ਰੇਮ ਅਜਿਹਾ ਸੀ ਕਿ ਜਿਸਦੀ ਉਪਮਾ ਇਸ ਜਗਤ ਵਿਚ ਮਾਨੋਂ ਨਹੀਂ। ਪਰ ਸਚਮੁਚ ਏਹ ਸਾਰੇ ਇਕ ਮਾਤਾ ਪਿਤਾ ਦੀ ਉਲਾਦ ਸਨ ਅਰੁ ਸਭ ਸੱਕੇ ਭਰਾ ਸਨ। ਕਿਸੇ ਭਰਾ ਨੂੰ ਕਿਸੇ ਨਾਲ ਵੈਰ ਨਹੀਂ ਸੀ, ਸਭ ਦੇ ਸੀਨੇ ਪੰਥਕ ਪਿਆਰ ਨਾਲ ਭਰੇ ਪਏ ਸਨ। ਵੱਡੇ ਛੋਟੇ ਸਾਰੇ ਇਕ ਦੂਜੇ ਨਾਲ ਕਿਸੇ ਗੱਲ ਦਾ ਵੇਰਵਾ ਨਹੀਂ ਰੱਖਦੇ ਸਨ। ਗੁਰੂ ਦਾ ਪਿਆਰ ਦਿਲ ਵਿਚ ਸੀ ਤੇ ਪੰਥ ਲਈ ਸਭ ਦੇ ਅੰਦਰ ਕੁਰਬਾਨੀ ਭਰੀ ਪਈ ਸੀ। ਸਾਰੇ ਬਾਣੀ ਦੇ ਪ੍ਰੇਮੀ ਸਨ ਤੇ ਉਚੇ ਆਚਰਨ ਵਾਲੇ ਸਨ। ਜਥੇਦਾਰ ਸ੍ਰਦਾਰ ਤਾਂ ਸਨ, ਪਰ ਬੰਦੋਬਸਤ ਦੀ ਖਾਤਰ, ਉਂਞ ਤਾਂ ਆਪਣੇ ਆਪ ਨੂੰ ਵੀਰਾਂ ਦੇ ਵੀਰ ਜਾਣਦੇ ਸਨ, ਪਰ ਸਿੰਘ ਜਥੇਦਾਰਾਂ ਦਾ ਸਨਮਾਨ ਬੜਾ ਹੀ ਕਰਦੇ ਸਨ। ਜਥੇਦਾਰ ਦੇ ਹੁਕਮ ਤੋਂ ਕੋਈ ਸਿਰ ਨਹੀਂ ਸੀ ਫੇਰਦਾ।
ਰਾਤ ਨੂੰ ਫਿਰ ਗੁਰਮਤਾ ਹੋਇਆ, ਉਸ ਵੇਲੇ ਬਿਜਲਾ ਸਿੰਘ ਜੀ ਸੁਣ ਕੇ ਖਬਰ ਲਿਆਏ ਕਿ ਲਖਪਤ ਕੋਈ ਲਗ ਪਗ ਲੱਖ ਸੈਨਾ ਪੈਦਲ ਪਿਆਦੇ ਅਰੁ ਤੋਪਖਾਨਾ ਲੈ ਕੇ ਏਸ ਪਾਸੇ ਦੱਬੀ ਆ ਰਿਹਾ ਹੈ। ਖਾਲਸੇ ਨੇ ਸੋਚਿਆ ਕਿ ਸਾਡਾ ਜਥਾ ਵੀਹ ਪੰਝੀ ਹਜ਼ਾਰ ਹੋਸੀ, ਪਰ ਓਹ ਲੱਖਾਂ ਦੀ ਗਿਣਤੀ ਵਿਚ ਹਨ, ਫੇਰ ਸਾਡੇ ਪਾਸ ਸਾਮਾਨ ਕੁਛ ਨਹੀਂ, ਅੰਨ ਦਾਣੇ ਦਾ ਪੂਰਾ ਬੰਦੋਬਸਤ ਨਹੀਂ, ਕੀ ਕੀਤਾ ਜਾਏ? ਇਸ ਵੇਲੇ ਜੋ ਵਿਚਾਰਾਂ ਅਰ ਦਲੀਲਾਂ ਤੇ ਦਾਨਾਈ ਦੀ ਬਹਿਸ ਹੋਈ ਉਸ ਦੀ ਉਪਮਾ ਨਹੀਂ ਹੋ ਸਕਦੀ। ਨਿੱਤ ਦੀਆਂ ਲੋੜਾਂ ਤੇ ਦੁਖਾਂ ਨੇ ਜੋ ਅਕਲ ਉਸ ਵੇਲੇ ਸਿੱਖਾਂ ਨੂੰ ਸਿਖਾਈ ਸੀ ਤੇ ਜੋ ਜਾਨ ਉਨ੍ਹਾਂ ਵਿਚ ਗੁਰੂ ਆਦਰਸ਼ ਨੇ ਭਰੀ ਸੀ, ਉਸ ਦਾ ਹੁਲਸਾਉ ਉਨ੍ਹਾਂ ਨੂੰ ਸੱਕੇ ਵੀਰ ਬਣਾ ਕੇ ਅਮਲੀ, ਅਕਲਾਂ ਸਿਖਾਲਦਾ ਸੀ।
- ਦੇਖੋ ਖਾ, ਤਵਾਰੀਖ ਹਿੱਸਾ ੨।