ਪੰਨਾ:ਸੁੰਦਰੀ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 77

ਕੰਡੈਲੇ ਬ੍ਰਿਛਾਂ ਨਾਲ ਭਰਪੂਰ ਸੀ। ਇਸਦੇ ਰਸਤੇ ਸਿਵਾਏ ਗੁਰੂ ਦੇ ਸ਼ੇਰਾਂ ਦੇ ਹੋਰ ਕਿਸੇ ਨੂੰ ਮਾਲੂਮ ਨਹੀਂ ਸਨ। ਇਹ ਬਨ ਨਹੀਂ ਸੀ, ਖਾਲਸੇ ਦਾ ਲੋਹਮਈ ਕਿਲ੍ਹਾ ਸੀ, ਜਿਸ ਵਿਚ ਲਖਪਤ ਦੀਆਂ ਤੋਪਾਂ ਬੇਅਰਥ ਸਨ, ਬਾਹਰ ਹੀ ਬੈਠਾ ਸਮੇਂ ਦੀ ਤਾੜ ਕਰਦਾ, ਪਰ ਉਲਟੀ ਪੈਂਦੀ, ਸਿੰਘ ਬਹਾਦਰ ਰਾਤ ਨੂੰ ਬਨ ਵਿਚੋਂ ਸ਼ੇਰਾਂ ਵਾਂਗ ਨਿਕਲਦੇ ਅਰ ਲਖਪਤ ਦੀ ਸੈਨਾ ਪਰ ਟੁਟ ਪੈਂਦੇ। ਹਜ਼ਾਰਾਂ ਦੇ ਆਹੂ ਲਾਹੁੰਦੇ, ਗੋਲੀ, ਬਾਰੂਦ, ਹਥਯਾਰ, ਖਾਣਾ-ਦਾਣਾ ਲੁੱਟਦੇ ਤੇ ਦਿਨ ਹੋਣ ਤੋਂ ਅੱਗੇ ਅੱਗੇ ਫੇਰ ਬਨ ਵਿਚ ਜਾ ਘੁਸਦੇ। ਸਾਮਾਨ ਘੱਟ ਸਨ, ਪਰ ਤਦ ਭੀ ਸੁੰਦਰੀ, ਧਰਮ ਕੌਰ ਅਰ ਅੱਠ ਨੌ ਹੋਰ ਜਥਿਆਂ ਵੈਦ ਸਿੰਘ ਤੇ ਸੇਵਕ ਮਲ੍ਹਮਪਟੀ ਕਰਨ ਵਾਲੇ ਘਾਇਲ ਭਰਾਵਾਂ ਦੀ ਸੇਵਾ ਕਰਦੇ। ਸਿੱਖਾਂ ਦੇ ਚੁਪੌਲ ਤੇ ਰਾਤਾਂ ਦੇ ਕੀਤੇ ਹੱਲੇ ਅਜੇਹੇ ਅਚਣਚੇਤ ਹੁੰਦੇ ਅਰ ਅਜੇਹੇ ਜ਼ੋਰ ਦੇ ਪੈਂਦੇ ਕਿ ਦੁਸ਼ਮਨ ਦੰਗ ਰਹਿ ਜਾਂਦੇ। ਜਿਸ ਥਾਂ ਉਹ ਪਕਿਆਈ ਕਰਦੇ ਅਰ ਤਕੜੇ ਹੁੰਦੇ ਓਧਰ ਸਿੱਖ ਨਜ਼ਰ ਬੀ ਨਾ ਕਰਦੇ, ਕਮਜ਼ੋਰ ਪਾਸੇ ਵੱਲ ਜਾ ਬਿਜਲੀ ਵਾਂਗ ਕੜਕਦੇ। ਬਿਜਲਾ ਸਿੰਘ ਅਰ ਕਈ ਸੂਹੀਏਂ ਦੁਸ਼ਮਨ ਦੇ ਦਲਾਂ ਵਿਚ ਭੇਸ ਵਟਾ ਕੇ ਜਾ ਨਿਕਲਦੇ, ਪਰ ਵੈਰੀਆਂ ਨੂੰ ਪਤਾ ਲੱਗਣ ਨਾ ਦੇਂਦੇ। ਇਕ ਦਿਨ ਇਕ ਸੂਹੀਆ ਫੜਿਆ ਗਿਆ ਲਖਪਤ ਨੇ ਉਸ ਨੂੰ ਬ੍ਰਿਛ ਨਾਲ ਬੰਨ੍ਹਵਾ ਕੇ ਜੀਊਂਦਾ ਸੜਵਾ ਦਿੱਤਾ। ਉਸ ਰਾਤ ਭਾਈ ਬਿਜਲਾ ਸਿੰਘ ਇਕੱਲੇ ਨੇ ਖੂਬ ਬਦਲਾ ਲਿਆ, ਅੱਧੀ ਰਾਤ ਦੇ ਵੇਲੇ ਦਾਉ ਤਾੜ ਕੇ, ਸਿਲਹਖਾਨੇ ਨੂੰ ਅੱਗ ਲਾਉਂਦਾ ਹੀ ਆਪ ਖਿਸਕ ਗਿਆ। ਉਸ ਅੱਗ ਨੇ ਬੜਾ ਨੁਕਸਾਨ ਕੀਤਾ, ਕਈ ਹਜ਼ਾਰ ਦਾ ਗੋਲਾ ਬਾਰੂਦ ਸੜ ਗਿਆ। ਆਪਣੇ ਸਿਲਹਖਾਨੇ ਦੇ ਫਟਣ ਨਾਲ ਆਪਣੇ ਲਸ਼ਕਰੀ ਬੀ ਬਹੁਤ ਮੋਏ ਤੇ ਫੱਟੜ ਹੋਏ। ਅਗਲੇ ਦਿਨ ਲੱਖੂ ਪਾਸ ਚਿੱਠੀ ਪੁੱਜੀ- ਸਿਖ ਪਰਜਾ ਦੇ ਸੁਖ ਲਈ ਲੜਦੇ ਹਨ, ਤੂੰ ਜ਼ਾਲਮ ਹੋ ਕੇ ਆਪਣਿਆਂ ਨੂੰ ਮਾਰਦਾ ਹੈਂ, ਸਾਂਈਂ ਦਾ ਭਉ ਕਰ।

ਇਸ ਪ੍ਰਕਾਰ ਕੁਛ ਸਮਾਂ ਬੀਤਿਆ, ਲਖਪਤ ਦੀ ਸੈਨਾ ਦਾ ਬਹੁਤ ਨੁਕਸਾਨ ਹੋਇਆ ਅਰ ਖਰਚ ਵੀ ਬਹੁਤ ਉਠ ਗਿਆ, ਪਰ ਉਥੇ ਪਰਵਾਹ ਵੀ ਕੀਹ ਸੀ? ਪਾਤਸ਼ਾਹੀ ਖਜ਼ਾਨਾ ਉਸ ਦੀ ਪਿੱਠ ਪਿੱਛੇ ਸੀ। ਇਧਰ ਖਾਲਸੇ ਦਾ ਖਾਣਾ ਦਾਣਾ ਮੁੱਕ ਗਿਆ, ਛੰਭ ਦੇ ਜੰਤੂ ਭੀ ਮੁਕ ਗਏ ਤੇ