ਪੰਨਾ:ਸੁੰਦਰੀ.pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 79

ਸਿੱਖ ਹੈ, ਖੁਲਾਸਾ ਸਿੰਘ, ਸਹਿਜਧਾਰੀ ਸਿੱਖ। ਜਿਸ ਬਾਣੇ ਵਿਚ ਰਹਿੰਦਾ ਹੈ ਇਸ ਵਿਚ ਰਹਿਕੇ ਹੀ ਪੰਥ ਨੂੰ ਔਖੇ ਵੇਲਿਆਂ 'ਤੇ ਪੁੱਕਰਦਾ ਹੈ ਤਦੇ ਤਾਂ ਪੰਥ ਵਿਚ ਇਸ ਨੂੰ ਹੁਣ ਮੱਠਾ ਮੱਲ ਸੱਦਦੇ ਹਨ, ਆਪ ਸਿੰਘ ਹੈ, ਸਿੱਖਾਂ ਦਾ ਪੱਕਾ ਮਿਤ੍ਰ ਹੈ ਤੇ ਬਦੇਸ਼ੀ ਪਠਾਣਾਂ, ਹਮਲਾਆਵਰਾਂ ਦੇ ਪੈਰ ਨਹੀਂ ਲਗਣ ਦੇਣਾ ਚਾਹੁੰਦਾ।

ਬਿਨੋਦ ਸਿੰਘ- ਮੈਂ ਤੁਸਾਨੂੰ ਉਸ ਦੀ ਬਹਾਦਰੀ ਦੀ ਨਵੀਂ ਇਕ ਗੱਲ ਸੁਣਾਵਾਂ- ਸ਼ਾਹਪੁਰ ਯਾ ਕਿਸਦੇ, ਮੈਨੂੰ ਠੀਕ ਯਾਦ ਨਹੀਂ ਰਿਹਾ ਨਾਂਜ਼ਮਪੁਰ ਤਿੰਨ ਵੇਰ ਸਰਕਾਰ ਦੀ ਫੌਜ ਚੜਾਈ ਕਰਕੇ ਗਈ: ਤਿੰਨੇ ਵਾਰ ਹਾਰ ਖਾ ਕੇ ਆਈ। ਚੌਥੀ ਵੇਰ ਦੀਵਾਨ ਕੌੜਾ ਮੱਲ ਨੂੰ ਹੁਕਮ ਹੋਇਆ ਕਿ ਤੂੰ ਜਾਕੇ ਏ ਮੁਹਿੰਮ ਨੂੰ ਸਰ ਕਰ। ਸੋ ਇਹ ਫੌਜ ਲੈਕੇ ਸ਼ਹਿਰੋਂ ਦੋ ਕੁ ਕੋਹ ਉਤੇ ਜਾ ਉਤਰਿਆ। ਡੇਰਾ ਕਰਕੇ ਆਪ ਫਕੀਰੀ ਭੇਸ ਕਰ ਕੇ ਸ਼ਹਿਰ ਨੂੰ ਤੁਰਿਆ, ਇਕ ਬਾਗ ਵਿਚ ਉਥੋਂ ਦਾ ਹਾਕਮ ਤੇ ਦੋ ਕੁ ਹੋਰ ਆਦਮੀ ਸ਼ਤਰੰਜ ਖੇਡ ਰਹੇ ਸਨ ਕੌੜਾ ਮੱਲ ਨੇ ਜਾ ਸਦਾ ਕੀਤੀ, ਪਰ ਸ਼ਤਰੰਜ ਵਾਲਿਆਂ ਕਿਸੇ ਨਜ਼ਰ ਨਾ ਕੀਤੀ। ਪਲ ਕੁ ਖਲੋ ਕੇ ਅਚਾਨਕ ਪਲੰਘ ਤੇ ਚੜ੍ਹ ਗਿਆ ਅਰ ਨਾਜ਼ਮ ਨੂੰ ਢਾਹ ਕੇ ਛਾਤੀ ਤੇ ਬੈਠ ਗਿਆ ਤੇ ਖੰਜਰ ਕੱਢਕੇ ਉਸ ਦੀ ਛਾਤੀ ਤੇ ਧਰ ਦਿੱਤਾ। ਸੱਭੇ ਜਣੇ ਹੱਕੇ ਬੱਕੇ ਹੋ ਗਏ। ਕੌੜਾ ਮੱਲ ਜੋਸ਼ ਨਾਲ ਬੋਲਿਆ- ਸੁਣੋ: ਜੇ ਕੋਈ ਮੇਰੇ ਉਤੇ ਵਾਰ ਕਰੋ ਤਾਂ ਮੈਂ ਨਾਜ਼ਮ ਨੂੰ ਪਹਿਲੇ ਮੁਕਾ ਲਉਂ, ਏਸ ਕਰਕੇ ਮੈਨੂੰ ਮਾਰਨਾ ਤੁਹਾਡਾ ਅਫਲ ਹੈ। ਸੋ ਪਹਿਲਾਂ ਮੇਰੀ ਗੱਲ ਸੁਣ ਲਓ ਦੀਵਾਨ ਕੌੜਾ ਮੱਲ ਮੁਹਿੰਮ ਲੈ ਕੇ ਆਯਾ ਹੈ। ਨਾਜ਼ਮ ਦੇ ਦੀਵਾਨ ਨੇ ਕਿਹਾ, ਆਹੋ ਫੇਰ ਕੀ ਹੋਯਾ? ਦੋ ਕੋਹ ਦੀ ਵਾਟ ਪਰ ਉਤਰਿਆ ਹੈ ਨਾ, ਕੱਲ ਦੰਦ ਖੱਟੇ ਕਰਕੇ ਕੱਢ ਦਿਆਂਗੇ। ਓਹ ਫਕੀਰ ਕੌੜਾ ਮੱਲ ਬੋਲਿਆ- ਹੁਣ ਗੱਲ ਇਹ ਹੈ ਕਿ ਜੇ ਤੁਸੀਂ ਮੈਨੂੰ ਹੱਥ ਵੀ ਲਾਇਆ ਤਾਂ ਇਸ ਦੀ ਛਾਤੀ ਵਿਚ ਖੰਜਰ ਮਾਰ ਦਿਆਂਗਾ। ਖੰਜਰ ਛਾਤੀ ਤੇ ਰਖਿਆ ਹੈ, ਜ਼ਰਾ ਕੁ ਅੱਗੇ ਹੀ ਕਰਨਾ ਹੈ ਨਾਂ। ਜੇ ਮੈਂ ਮਰ ਗਿਆ ਤਾਂ ਦੀਵਾਨ ਕੌੜਾ ਮੱਲ ਦੇ ਸਿਰ ਤੋਂ ਵਾਰਿਆ, ਮੇਰੇ ਵਰਗੇ ਸੈਂਕੜੇ ਉਸਦੇ ਬੂਹੇ ਤੇ ਰੁਲਦੇ ਹਨ, ਤੁਸੀਂ ਇਸ ਪਲੰਘ ਨੂੰ ਇੱਕੁਰ ਹੀ ਚੁਕਾ ਕੇ ਦੀਵਾਨ ਸਾਹਿਬ ਦੇ ਤੰਬੂ ਤੱਕ ਲੈ ਚਲੈ। ਓਥੇ ਦੀਵਾਨ ਨਾਲ ਦੋ ਗੱਲਾਂ ਕਰ ਲਓ,