ਅਰ ਅੱਧੀ ਰਾਤ ਨੂੰ। ਲੱਖੂ ਨੇ ਅੱਜ ਸੈਨਾ ਦੱਖਣ ਰੁਖ ਕੱਠੀ ਕੀਤੀ ਹੈ ਅਰ ਮੋਰਚੇ ਬੰਨ੍ਹਕੇ ਉਦਾਲੇ ਤੋਪਖਾਨਾ ਬੀ ਉਸਨੇ ਬੀੜਿਆ ਹੈ ਉਤਰ ਰੁਖੋਂ ਸੈਨਾ ਖਿੱਚਕੇ ਹੇਠ ਨੂੰ ਵਧੇਰੇ ਕੱਠੀ ਕੀਤੀ ਗਈ ਹੈ, ਸੌ ਹੁਣ ਛੰਭ ਦੇ ਕੰਢੇ ਕੰਢੇ ਅੱਧ ਮੀਲ ਤੋਂ ਵਧੀਕ ਵਿੱਥ ਪੈ ਗਈ ਹੈ। ਜੇਕਰ ਖਾਲਸਾ ਹਿੰਮਤ ਕਰਕੇ ਅੰਨ ਦੇ ਬੋਰੇ ਬੋਰੀਆਂ ਹੱਥੋਂ-ਹਥੀ ਚੁਕ ਲਿਆਵੇ ਤਦ ਸੋਝਲੇ ਤੋਂ ਅੱਗੇ ਬਨ ਵਿਚ ਸਭ ਕੁਝ ਅੱਪੜ ਪਊ ਅਰ ਦਿਨ ਹੋਏ ਉਹ ਬਾਣੀਆਂ ਲੱਖੂ ਅੱਗੇ ਜਾ ਫਰਯਾਦ ਕਰੂ ਕਿ ਸਿੱਖਾਂ ਮੈਨੂੰ ਲੁੱਟ ਲਿਆ ਹੈ। ਇੰਕੁਰ ਦੀਵਾਨ ਕੌੜਾਮਲ ਤੇ ਕਿਸੇ ਨੂੰ ਸ਼ਕ ਨਾ ਪਊ। ਸਾਨੂੰ ਹੁਣ ਇਹ ਚਾਲ ਚੱਲਣੀ ਚਾਹੀਏ ਕਿ ਜਿਸ ਤੋਂ ਲੱਖੂ ਨੂੰ ਸ਼ੱਕ ਪੈ ਜਾਵੇ ਕਿ ਖਾਲਸੇ ਦਾ ਰੁੱਖ ਦੱਖਣ ਵੰਨੇ ਪੈ ਰਿਹਾ ਹੈ ਤੇ ਅੱਧੀ ਰਾਤ ਵੇਲੇ ਇਕ ਟੋਲਾ ਦੱਖਣ ਰੁਖ ਜਾਕੇ ਬਨ ਵਿਚੋਂ ਦਸ ਪੰਜ ਬੁਛਾੜਾਂ ਗੋਲੀਆਂ ਦੀਆਂ ਦੇਕੇ ਪਿੱਛੇ ਹਟ ਜਾਵੇ। ਇਕ ਤਾਂ ਰਾਉਲ ਦਾ ਕਹਿਣਾ ਸੱਚ ਹੋ ਜਾਊ ਦੂਜੇ ਲੱਖੂ ਦਾ ਗੋਲਾ ਬਾਰੂਦ ਵਿਅਰਥ ਜਾਊ ਤੀਸਰੇ ਅੱਜ ਬਿਜਲਾ ਸਿੰਘ ਨੇ ਉਸ ਤੰਬੂ ਨੂੰ ਅੱਗ ਲਾਉਣੀ ਹੈ, ਜਿਸ ਵਿਚ ਮਤਾਬ ਰਹਿੰਦੇ ਹਨ। ਓਹ ਫਿਰ ਪਹਿਲੇ ਹੀ ਫੂਕੇ ਜਾਣਗੇ ਜੁੱਧ ਵੇਲੇ ਹੋਊ ਹਨੇਰਾ ਘੁੱਪ ਇਸ ਲਈ ਵੈਰੀ ਸੱਜਣ ਮਿਤ੍ਰ ਨਾ ਪਛਾਣ ਸਕਣਗੇ। ਅਰ ਕਈ ਉਸ ਵੇਲੇ ਆਪੋ ਵਿਚ ਕੱਟ ਮਰਨਗੇ।
ਬਿਨੋਦ ਸਿੰਘ ਦੀ ਇਹ ਜੰਗ ਦੀ ਚਾਲ ਤੇ ਵਿਉਂਤ ਸਭ ਨੇ ਸਲਾਹੀ। ਇਕ ਟੋਲਾ ਤਾਂ ਦੱਖਣ ਰੁਖ ਜੰਗਲੋਂ-ਜੰਗਲ ਤੁਰਿਆ। ਇਸ ਜਥੇ ਨੇ ਇਸ ਆੜ ਦੇ ਟਿਕਾਣੇ ਰਹਿਕੇ ਵਾੜ ਝਾੜੀ। ਸ਼ੱਤਰੂ ਜਾਗ ਹੀ ਰਹੇ ਸਨ। ਆ ਗਏ ਆ ਗਏ ਦਾ ਰੌਲਾ ਮੱਚ ਗਿਆ। ਇਨਾਂ ਨੇ ਕੁਝ ਚਿਰ ਚੁਪ ਰਹਿ ਕੇ ਫਿਰ ਇਕ ਸ਼ਲਕ ਬੰਦੂਕਾਂ ਦੀ ਛੱਡੀ ਤੇ ਉਧਰ ਦਾ ਮੱਠਾ ਹੁੰਦਾ ਰੌਲਾ ਫਿਰ ਚਮਕ ਪਿਆ। ਇਸ ਤਰ੍ਹਾਂ ਵੈਰੀਆਂ ਵਿਚ ਖਲਬਲੀ ਮਚਾਉਂਦੇ ਸਾਰਾ ਰੁਖ ਉਸ ਪਾਸੇ ਕਰੀ ਰੱਖਿਆ ਤੇ ਆਪ ਬਾਹਰ ਹੋ ਕੇ ਨਾ ਲੜੇ। ਓਧਰ ਅਨੇਕਾਂ ਸਿੰਘ ਸਨੱਧ-ਬੁੱਧ ਹੋ ਛੰਭ ਦੇ ਕੰਢੇ ਕੰਢੇ ਵਹੀਰ ਪਾ ਰਾਤੋ ਰਾਤ ਖਾਣਾ ਦਾਣਾ ਲੈ ਕੇ ਆਪਣੇ ਬਨ ਰੂਪੀ ਘੁਰੇ ਵਿਚ ਜਾ ਵੜੇ। ਦਿਨ ਹੋਏ ਲੱਖੂ ਨੇ ਆਪਣੇ ਅਨੇਕਾਂ ਸਿਪਾਹੀ ਮੋਏ ਡਿੱਠੇ ਤੇ ਬਾਣੀਏਂ ਦੇ ਲੁੱਟੇ ਜਾਣ ਦਾ ਮੁਕੱਦਮਾ ਬੀ ਪੇਸ਼ ਹੋ ਗਿਆ।