ਪੰਨਾ:ਸੁੰਦਰੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
92 / ਸੁੰਦਰੀ

ਨੂੰ ਭਾਂਜ ਦਿੱਤੀ ਸੀ ਤੇ ਜਿਸ ਦਾ ਨਾਉਂ ਮੀਰ ਮੁਅੱਯਨੁਲ ਮੁਲਕ ਵੱਜਿਆ। ਦੀਵਾਨ ਲਖਪਤ ਕੈਦ ਕੀਤਾ ਗਿਆ ਅਰ ਉਸ ਪਰ ੩੦ ਲੱਖ ਦਾ ਜੁਰਮਾਨਾ ਲੱਗਾ। ੨੦-੨੨ ਲੱਖ ਤਾਂ ਉਸ ਦੀ ਜਾਇਦਾਦ ਕੁਰਕ ਕਰਨ ਨਾਲ ਵਸੂਲ ਹੋਇਆ ਤੇ ਬਾਕੀ ਬਦਲੇ ਸਰਕਾਰੀ ਕੈਦ ਵਿਚ ਪਾਇਆ ਗਿਆ। ਫਿਰ ਦੀਵਾਨ ਕੌੜਾ ਮੱਲ ਨੇ ਚੌਖੀ ਰਕਮ ਦੇ ਕੇ ਉਸ ਨੂੰ ਮਾਨੋਂ ਮੁੱਲ ਲੈ ਕੇ ਆਪਣੇ ਕਾਬੂ ਕੀਤਾ। ਦੀਵਾਨ ਕੌੜਾ ਮੱਲ ਦੀ ਪਤ ਹੁਣ ਨੇਕ ਨੀਯਤੀ ਤੇ ਹਰ ਤਰ੍ਹਾਂ ਦੀ ਪ੍ਰਬੀਨਤਾਈ ਕਰ ਕੇ ਦਰਬਾਰ ਵਿਚ ਬਹੁਤ ਵਧ ਗਈ ਸੀ।

ਹੁਣ ਲਖਪਤ ਦਾ ਅੰਤ ਦੱਸੀਏ ਕਿ ਕੀ ਹੋਇਆ? ਦੀਵਾਨ ਕੌੜਾ ਮੱਲ ਨੇ ਲਖਪਤ ਨੂੰ ਕਰੜੀ ਤਰ੍ਹਾਂ ਕੈਦ ਕੀਤਾ ਅਰ ਖਾਲਸੇ ਨੂੰ ਚੋਰੀ ਖ਼ਬਰ ਭੇਜ ਦਿੱਤੀ ਕਿ ਆਪਣੇ ਵੈਰੀ ਦੀ ਭੁਗਤ ਸਵਾਰ ਲਓ। ਸੋ ਸਿੱਖਾਂ ਨੇ ਉਸ ਨੂੰ ਉਸਦੇ ਮੰਦ ਕਰਮਾਂ ਦਾ ਜੋਗ ਦੰਡ ਦਿੱਤਾ। ਬੇਦੋਸ਼ਾਂ ਨੂੰ ਕਤਲ ਕਰਨਾ, ਹਜ਼ਾਰਾਂ ਨੂੰ ਤਸੀਹੇ ਦੇ ਕੇ ਮਾਰਨਾ ਤੇ ਕਈ ਵਿਧਵਾ ਸਿੰਘਣੀਆਂ, ਅਨਾਥ ਭੁਜੰਗੀਆਂ ਅਰ ਹੋਰ ਬੇਗੁਨਾਹਾਂ ਦਾ ਲਹੂ ਡੋਲ੍ਹਣਾ ਕਦੀ ਵਿਅਰਥ ਨਹੀਂ ਜਾ ਸਕਦਾ। ਲਖਪਤ ਦੀ ਮੌਤ ਬੜੇ ਕਸ਼ਟ ਵਾਲੀ ਸੀ, ਲਖਪਤ ਛੇ ਮਹੀਨੇ ਸਿੰਘਾਂ ਦੀ ਕੈਦ ਵਿਚ ਰਹਿਕੇ ਮੋਇਆ, ਪਰ ਦੰਡ ਦਾਤੇ ਉਸਦੇ ਕੀਤੇ ਜ਼ੁਲਮਾਂ ਦੀ ਪੜੋਪੀ ਨਾਲ ਉਸਦੀ ਗਿਣਤੀ ਕਰ ਰਹੇ ਸੀ। ਪਾਪੀ ਕੇ ਮਾਰਨੇ ਪਾਪ ਮਹਾਂਬਲੀ ਹੈ। ਪੰਥ ਪ੍ਰਕਾਸ਼ ਕ੍ਰਿਤ ਗਿਆਨੀ ਗਿਆਨ ਸਿੰਘ ਵਿਚ ਲਿਖਿਆ ਹੈ:

ਦੁਖ ਗਹਿ ਅਤਿ ਲਖੁ ਮਰਯੋ, ਪਾਛੇ ਕੌੜਾ ਮੱਲ।
ਕਰੀ ਦੀਵਾਨੀ ਧਰਮ ਕੀ, ਲੀਨੋਂ ਜਸ ਜਗ ਭੱਲ!

—————

  • ਪਤਾ ਲਗਦਾ ਹੈ ਕਿ ਇਹ ਰਕਮ ਦਸ ਲੱਖ ਦੇ ਕਰੀਬ ਸੀ। ਯਥਾ- ਕੌੜਾ ਮਲ ਹੁਤੇ ਗੁਰ ਸਿੱਖ ਦਸ ਲਾਖ ਟਕੇ ਦੀਓ ਤਹਿ ਲਿੱਖ॥

ਪੰਥ ਪ੍ਰਕਾਸ਼- ਭੰਗੁ ਜੀ, ਸਫਾ ੩੨੬