ਪੰਨਾ:ਸੂਫ਼ੀ-ਖ਼ਾਨਾ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂਰਜਹਾਂ ਬਾਦਸ਼ਾਹ ਬੇਗਮ*[1]


ਸ਼ਾਇਰ ਦੀ ਸੱਦ[ਧਾਰਨਾ ਮਿਰਜ਼ਾ ਸਾਹਿਬਾਂ

ਉੱਠ ਨੀਂ ਨੂਰਾਂ ਬੀਬੀਏ! ਪਾਸਾ ਤੇ ਪਰਤਾ,
ਤੇਰੀ ਛੇਜ ਹਲੂਣੇ ਕਦੋਂ ਦਾ, ਰਾਵੀ ਖੌਰੂ ਪਾ।

ਖੋਲ੍ਹ ਬਹਿਸ਼ਤੀ ਬਾਰੀਆਂ, ਵੇਖੇਂ ਨਵਾਂ ਜਹਾਨ,
ਪਿਛਲੇ ਪਾਸੇ ਵੱਲ ਵੀ, ਮਾਰੀਂ ਜ਼ਰਾ ਧਿਆਨ।

ਕਿੱਥੇ ਈ ਜਲਵਾ ਹੁਸਨ ਦਾ? ਕਿੱਥੇ ਈ ਸ਼ਾਹੀ ਤਾਜ,
ਕਿਸ ਨੂੰ ਸੌਂਪਿਆ ਸਮੇਂ ਨੇ, ਹਿੰਦ ਤੇਰੇ ਦਾ ਰਾਜ।

ਚੱਕਰ ਫਿਰਿਆ ਚਰਖ਼ ਦਾ, ਪਛੜ ਗਿਆ ਇਕਬਾਲ,
ਪਰ ਤੇਰੀ ਤਾਰੀਖ਼ ਤੇ, ਜੀਉਂਦੀ ਏ ਤੇਰੇ ਨਾਲ।

ਇਸ ਰਾਵੀ ਨੇ ਕਰ ਛਡੇ, ਪਾਰ ਕਰੋੜਾਂ ਪੂਰ,
ਤੈਨੂੰ ਸਾਂਭੀ ਰੱਖਣਾ, ਰੱਬ ਨੂੰ ਸੀ ਮਨਜ਼ੂਰ।

ਖੁਰ ਖੁਰ ਕੱਲਰ ਹੋ ਗਿਆ, ਫੁੱਲੋਂ ਸੁਹਲ ਸਰੀਰ,
ਖੁਦੀ ਹੋਈ ਹੈ ਦਿਲਾਂ ਤੇ, ਪਰ ਤੇਰੀ ਤਸਵੀਰ।

ਦੀਵਾ ਭੰਬਟ ਨਾ ਰਹੇ, ਨਾ ਬੁਲਬੁਲ ਨਾ ਫੁੱਲ,
ਸ਼ੁਹਰਤ ਤੇਰੇ ਦਾਨ ਦੀ, ਪਰ ਨਹੀਂ ਸਕਦੀ ਭੁੱਲ।


-੯੮-

  1. *ਇਸ ਨਾਮ ਦੀ ਇਕ ਕਿਤਾਬ ਨੂਰਜਹਾਂ ਦਾ ਮਕਬਰਾ (ਸ਼ਾਹਦਰਾ) ਅੱਖੀਂ ਦੇਖ ਕੇ ੧੯੪੪ ਵਿਚ ਲਿਖੀ ਗਈ ਸੀ, ਉਸ ਦਾ ਕੁਝ ਹਿਸਾ ਹੈ।