ਇਹ ਸਫ਼ਾ ਪ੍ਰਮਾਣਿਤ ਹੈ
ਭਗਵਾਨ
ਅਨਾਥ ਜਨਿਤਾ ਦੇ ਨਾਥ ਮੋਹਨ!
ਜਸੋਧਾਂ ਮਈਆ ਦੇ ਲਾ ਭਗਵਨ!
ਅਜੀਬ ਗਲ ਹੈ, ਕਿ ਤੇਰੀ ਭਾਰਤ,
ਅਜੇ ਤਲਕ ਹੈ ਕੰਗਾਲ ਭਗਵਨ!
ਤੂੰ ਵੇਖੇ ਜਨਿਤਾ ਦੇ ਸਿਰ ਕਟੀਂਦੇ,
ਤੂੰ ਵੇਖੇ ਲਹੂਆਂ ਦੇ ਹੜ ਵਹੀਂਦੇ,
ਤੇ ਬੰਦੇ ਰੁਲਦੇ ਤਬਾਹ ਥੀਂਦੇ,
ਨ ਆਇਆ ਤੈਨੂੰ ਉਬਾਲ ਭਗਵਨ!
ਤੂੰ ਮੁਰਦਿਆਂ ਦਾ ਅੰਬਾਰ ਤਕਦੋਂ,
ਤੂੰ ਰੱਤੇ ਪਾਣੀ ਦੀ ਧਾਰ ਤਕਦੋਂ,
ਤੜਪਦਿਆਂ ਦੀ ਪੁਕਾਰ ਸੁਣਦੋਂ,
ਤੇ ਤਕਦੋਂ ਵਿਧਵਾਂ ਦੇ ਹਾਲ ਭਗਵਨ!
ਤੂੰ ਵੇਖ ਲੈਂਦੋਂ ਓ ਹੂਰਾਂ ਪਰੀਆਂ,
ਜੋ ਖੋਹ ਕੇ ਮੁਸ਼ਟੰਡਿਆਂ ਨੇ ਖੜੀਆਂ,
ਜੋ ਬੇ-ਦਰੇਗ਼ਾਂ ਦੀ ਭੇਟ ਚੜ੍ਹੀਆਂ,
ਜੋ ਸੜੀਆਂ ਗਲ ਲਾ ਕੇ ਬਾਲ ਭਗਵਨ!
-੧00-