ਪੰਨਾ:ਸੂਫ਼ੀ-ਖ਼ਾਨਾ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈ ਕੇ ਝਾਉਲੇ ਦਿਖਾਉਂਦੇ ਹਨ। ਸਤਿ ਦੇ ਕਵੀ-ਗਰੂ, ਸੰਤ ਤੇ ਭਗਤ ਆਦਿ ਦਿਲ ਦਿਮਾਗ਼ ਵਿਚ ਵਰਤੀ ਰਹੇ ਸਤਿ ਨੂੰ ਬਾਹਰ ਲਿਆ ਬਹਾਲਦੇ ਹਨ। ਗੱਲ ਕੀ ਕਵੀ ਦਾ ਜੀਵਨ ਕਾਫ਼ੀ ਹਦ ਤਕ ਸਤਿ-ਮਯ ਹੋਣਾ ਚਾਹੀਦਾ ਹੈ। ਇਹ ਗੱਲ ਜਚਦੀ ਨਹੀਂ ਪਈ ਕਵੀ ਦੀ ਕਵਿਤਾ ਦੇਖੋ ਉਹਦੀ ਆਪਣੀ ਜ਼ਿੰਦਗੀ ਨਾ ਦੇਖੋ। ਕਵੀ ਦਾ ਜੀਵਨ ਕਵਿਤਾ ਹੈ ਤੇ ਓਹਦੀ ਕਵਿਤਾ ਹੀ ਅਸਲ ਜੀਵਨ।

ਗੁਰੂ ਨਾਨਕ ਜੀ ਦੀ ਅਸਲ ਜਨਮ ਸਾਖੀ ਓਹਨਾਂ ਦੀ ਬਾਣੀ ਹੈ। ਬਾਬਾ ਫ਼ਰੀਦ ਦਾ ਵੈਰਾਗੀ ਜੀਵਨ ਓਹਨਾਂ ਦੀ ਸ਼ਾਇਰੀ ਨਾਲ ਇਕ ਜਾਨ ਹੋਇਆ ਹੋਇਆ ਹੈ। ਮੀਰਾਂ ਬਾਈ ਜੀ ਦਾ ਜੀਵਨ ਕੀ ਸੀ? ਪ੍ਰੇਮ ਬਿਰਹਾ ਤੇ ਭਗਤੀ। ਸੋ ਇਹ ਤਿੰਨ ਗੱਲਾਂ ਓਹਨਾਂ ਦੀ ਕਵਿਤਾ ਵਿਚ ਐਨ ਦਿਸ ਰਹੀਆਂ ਹਨ। ਏਸ ਬਿਰਹੇ ਦਾ ਦਰਦ ਸਾਨੂੰ ਨੀਵੇਂ ਪਾਸੇ ਡਿੱਗਣ ਨਹੀਂ ਦੇਂਦਾ। ਸਮਾਜਿਕ ਹਦ ਬੰਨੇ ਟੱਪਣ ਨਹੀਂ ਦੇਂਦਾ।

"ਅਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਹਿ!"

ਆਦਿ ਤੁਕਾਂ ਸਾਨੂੰ ਸਾਡੇ ਮਿਥੇ ਨੀਵੇਂ ਚੁਗਿਰਦੇ ਵਿਚ ਨਹੀਂ ਆਉਣ ਦੇਂਦੀਆਂ। ਸਿਰਫ਼ ਏਸ ਲਈ ਕਿ ਕਵੀ ਦੀ ਆਤਮਾ ਦੀ ਆਵਾਜ਼ ਤੇ ਤਸਵੀਰ ਪੂਰੇ ਸੱਚ ਨਾਲ ਖਿੱਚੀ ਹੋਈ ਦਿਸਦੀ ਪਈ ਹੈ ਤੇ ਖ਼ੂਬੀ ਇਹ ਹੈ ਕਿ ਹੋਰ ਤਸਵੀਰ ਓਹ ਬਣਨ ਹੀ ਨਹੀਂ ਦੇਂਦੀ। ਜੇ ਅਸੀਂ ਅਜਿਹੀਆਂ ਤੁਕਾਂ ਵਿਚ ਅਸ਼ਲੀਲਤਾ ਮੰਨ ਲਈਏ ਤਾਂ ਇਹਦਾ ਇਹ ਮਤਲਬ ਹੈ ਪਈ ਸਾਡੇ ਹੋਰਥੇ ਲੱਗੇ ਚਿੱਤ ਨੇ ਏਸ ਨੂੰ ਆਪਣੇ ਸੱਚੇ ਵਿਚ ਢਾਲ ਲਿਆ ਹੈ। ਅਜ ਕਲ ਕੁਝ ਸਜਣ ਆਪਣੇ ਦਿਲ ਦੇ ਘਟੀਆ ਖ਼ਿਆਲ ਦਿਖਾਉਣ ਲਈ ਪਵਿੱਤ੍ਰ ਬਾਣੀ ਵਿਚ ਵੀ ਅਸ਼ਲੀਲਤਾ ਕਹਿਣ ਲਗ ਪਏ ਹਨ। ਓਹਨਾਂ ਨੂੰ ਇਹ ਪਤਾ ਨਹੀਂ ਕਿ ਕੌਣ ਕੀ ਤੇ ਕਿਸ ਤਰ੍ਹਾਂ ਕਹਿੰਦਾ ਹੈ? ਜੇ ਉਹਨਾਂ ਦੀ ਗੱਲ ਮੰਨ ਵੀ ਲਈਏ ਤਾਂ ਕੀ ਦੂਜੇ ਦੀ ਅਸ਼ਲੀਲਤਾ ਦੱਸਣ ਨਾਲ ਆਪਣੀ ਅਸ਼ਲੀਲਤਾ ਬਚ ਸਕਦੀ ਹੈ?

ਸਤਿ ਦੇ ਕਵੀ ਵਿਚ ਅਸ਼ਲੀਲਤਾ ਨਹੀਂ ਹੋਂਦੀ। ਜਿਸ ਤਰ੍ਹਾ ਸਮਝਦਾਰ ਚਿਤਰਕਾਰ ਦੇ ਨੰਗੇ ਚਿਤਰ ਵਿਚ ਕਾਮ ਭੜਕਾਊ ਰੰਗਤ ਨਹੀਂ ਹੋਂਦੀ, ਓਹਨੇ ਹੁਨਰ ਨਾਲ ਨੰਗੇਜ ਹੀ ਕੱਜਿਆ ਹੋਂਦਾ ਹੈ। ਸਤਿ-ਕਵੀ ਕੁਹਜ ਨੂੰ ਹੁਨਰ ਨਾਲ ਲੁਕਾਂਦਾ ਹੈ ਤੇ ਏਥੇ ਹੀ ਓਹ ਵੱਡਾ ਕਲਾਕਾਰ ਹੈ। ਅਜਿਹੀ ਕਲਾਕਾਰੀ ਏਸ ਕਿਤਾਬ ਦੇ ਵਿਚ ਸਾਫ਼ ਦਿਸ ਰਹੀ ਹੈ। ਇਹਨਾਂ ਕਵਿਤਾਵਾਂ ਦੇ ਕਵੀ ਜੀ ਜਿਸ ਵਕਤ ਸਾਕੀ ਪਦ ਵਰਤਦੇ ਹਨ ਤਾਂ ਪਿਅੱਕੜਾਂ ਨੂੰ ਹੱਲਾ ਸ਼ੇਰੀ ਦੇਣ ਵਾਲਾ ਤੇ ਪਿਆਉਣ ਵਾਲਾ ਨਹੀਂ ਦਿਸਦਾ। ਨਾ ਹੀ ਇਹਨਾਂ ਦਾ ਓਹੋ ਜਿਹਾ ਮੈ-ਖ਼ਾਨਾ ਹੈ:-

ਮਦਰਾਲਯ ਦੇ ਅੰਗਣ ਅੰਦਰ,
ਜਦ ਪਿਆਕ ਕੋਈ ਆਵੇ।
ਨਾਲ ਉਹਦੇ ਰਲ ਕੇ ਪੀਵਣ ਦਾ,
ਚਾਉ ਜਿਹਾ ਚੜ੍ਹ ਜਾਵੇ।
ਖਬਰੇ ਉਸ ਨੇ ਕਿਸ ਕਿਸ ਮੈ ਦੀ,
ਮਸਤੀ ਮਾਣੀ ਹੋਵੇ,
ਉਸ ਦੀ ਰੰਗਣ ਸ਼ਾਇਦ ਮੈਨੂੰ,
ਭੀ ਅਰਸ਼ੀ ਪਹੁੰਚਾਵੇ।
(ਸਫ਼ਾ ੩੭)

-ੲ-