ਪੰਨਾ:ਸੂਫ਼ੀ-ਖ਼ਾਨਾ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਵਾਨੀ


ਡਿੱਠੀ ਮੈਂ ਜਵਾਨੀ, ਇਕ ਜੱਟੀ ਮੁਟਿਆਰ ਤੇ,
ਵਿਛੀ ਹੋਈ ਇੱਕ ਸੂਬੇਦਾਰ ਦੇ ਪਿਆਰ ਤੇ।

ਮੱਥਾ ਉਹਦਾ ਡਲ੍ਹਕਦਾ ਤੇ ਨੈਣਾਂ ਵਿੱਚ ਨੂਰ ਸੀ,
ਰੂਪ ਦਾ ਗੁਮਾਨ ਤੇ ਜਵਾਨੀ ਦਾ ਗ਼ਰੂਰ ਸੀ।

ਆਕਰੀ ਨਰੋਈ, ਫੁੱਲ ਵਾਂਗ ਖਿੜ ਖਿੜ ਹੱਸਦੀ,
ਸ਼ਾਬਣ ਦੀ ਚਾਕੀ ਵਾਂਗ ਤਿਲਕ ਤਿਲਕ ਨੱਸਦੀ।

ਸੇਮ ਵਾਂਗ ਸਿੰਮਦਾ ਸੁਹਾਗ ਦਾ ਸੰਧੂਰ ਸੀ,
ਬੋਤਲ ਦਾ ਨਸ਼ਾ ਉਹਦੇ ਨੈਣਾਂ 'ਚਿ ਸਰੂਰ ਸੀ।

ਕੱਸੇ ਹੋਏ ਪਿੰਡੇ ਉੱਤੋਂ ਮੱਖੀ ਤਿਲਕ ਜਾਂਦੀ ਸੀ,
ਹੁਸਨ ਦੇ ਹੁਲਾਰੇ ਸ਼ਮਸ਼ਾਦ ਵਾਂਗ ਖਾਂਦੀ ਸੀ।

ਚੀਕੂ ਵਾਂਗ ਮਿੱਠੀ ਤੇ ਖਰੋਟ ਵਾਂਗ ਪੱਕੀ ਸੀ,
ਪੀਆ ਦਾ ਪਿਆਰ ਨਾ ਸੰਭਾਲ ਹਾਲ ਸੱਕੀ ਸੀ।

ਜੋਬਨ ਮਝੈਲਣਾਂ ਦਾ ਝਲਕਦਾ ਗੁਲਾਬ ਤੇ,
ਸ਼ਾਲਾ ਏਹੋ ਰੰਗ ਚੜ੍ਹੇ ਸਾਰੇ ਹੀ ਪੰਜਾਬ ਤੇ।

-੭੨-