ਸਮੱਗਰੀ 'ਤੇ ਜਾਓ

ਪੰਨਾ:ਸੋਨੇ ਦੀ ਚੁੰਝ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੋਨੇ ਦੀ ਚੁੰਜ

ਹਰੀ ਸਿੰਘ ਨੇ ਖੇਤ ਨੂੰ ਘਰ ਬਣਾ ਛਡਿਆ। ਮਜਾਲ ਹੈ, ਜੇ 'ਦਰਵਾਜੇ' ਅਗੇ ਬੈਠੇ ਹਾਣੀ-ਗਭਰੂਆਂ ਪਾਸ ਬੈਠਣ ਦੀ ਸੌਂਹ ਭੰਨੇ। ਚਾਰਾ ਘਰੇ ਸੁਟਦਿਆਂ-ਸਾਰ ਖੇਤ ਨੂੰ ਮੁੜ ਪੈਂਦਾ। ਇਸ ਦੀ ਮਾਤਾ ਨਰੈਣ ਕੌਰ ਮੱਥਾ ਮਾਰ ਦੀ ਹੰਭ ਗਈ, ਕਿ ਹੋਰ ਨਹੀਂ ਤਾਂ ਰੋਟੀ ਦੀਆਂ ਦੋ ਗਰਾਹੀਆਂ ਤਾਂ ਘਰੇ ਬੈਠ ਖਾ ਲਿਆ ਕਰੇ। ਪਰ ਹਰੀ ਸਿੰਘ ਕੀ ਤੇ ਘਰ ਬੈਠ ਰੋਟੀ ਖਾਣੀ ਕੀ? ਲਵੇਰੀ ਗਊ ਕਰ ਕੇ ਹਰੇ ਪਠੇ ਘਰ ਸੁਟੇ ਬਿਨਾਂ ਸਰਦਾ ਨਹੀਂ ਸੀ, ਨਹੀਂ ਤਾਂ ਇਹ ਕਿਆਰੇ ਚੋਂ ਪੈਰ ਕਢਣ ਦਾ ਨਾਮ ਕਿਹੜਾ ਲਵੇ। ਘਰ ਦੀ ਕੋਈ ਸਲਾਹ ਕਰਨ ਸਮੇਂ ਮਾਈ ਨਰੈਣ ਕੌਰ ਤੇ ਬਿਰਧ ਉਤਮ ਸਿੰਘ ਨੂੰ ਇਸ ਪਾਸ ਹੀ ਡੂਮਨੀ ਵਾਲੇ ਖੇਤ ਅਪੜਨਾ ਪੈਂਦਾ।

ਦਿਨ ਰਾਤ ਕਰੀ ਕਮਾਈ ਭੀ ਘਰ ਦੀ ਗਰੀਬੀ ਦੂਰ ਨਾ ਕਰ ਸਕੀ। ਗਰੀਬੀ ਦੂਰ ਹੋਵੇ ਕਿਕਨ, ਜਦ ਬੁਹਲ ਦੇ ਲਗਦੇ ਹੀ ਬਿਸਵੇਦਾਰ ਅਛਰ ਸਿੰਘ ਤੀਜਾ ਹਿਸਾ ਤਾਂ ਬਿਸਵੇਦਾਰੀ ਦਾ ਵੰਡ ਕੇ ਲੈ ਜਾਵੇ। ਬਚੇ ਦੋ ਹਿਸਿਆਂ ਵਿਚੋਂ ਪਟਵਾਰੀ, ਚੌਂਕੀਦਾਰਾਂ, ਆਏ ਗਏ ਅਫਸਰਾਂ ਦੇ ਖਰਚਾਂ, ਖੂਹ, ਧਰਮਸਾਲ ਤੇ ਲਾਗੀਆਂ ਦੇ ਹਿਸੇ ਦਾ ਨਾਮ ਦਸ ਅੱਧ ਸੋਬਤੀ ਹੋਰ ਘਟ ਜਾਂਦਾ।

ਤੀਜਾ ਹਿਸਾ ਦੇਂਦਾ ਤਾਂ ਹਰੀ ਸਿੰਘ ਵਧ ਔਖਾ ਸਾਹ ਨਾ ਲੈਂਦਾ, ਸਮਝਦਾ ਇਹ ਤਾਂ ਮੁਜ਼ਾਰੇ ਦਾ ਜਨਮ ਕਰਮ ਹੈ। ਮੁਜ਼ਾਰਾ ਬਨੀਦਾਂ ਈ ਹੈ ਆਪਣੇ ਤੇ ਜੁਆਕਾਂ ਦੇ ਹਥੋਂ ਦੁਧ ਘਿਉ ਖੋਹ ਵੇਹਲੜ ਇਲਤੀਆਂ ਦੇ ਢਿਡਾਂ ਵਿਚ ਘੜੀ ਮੁੜੀ ਭਰਨ ਖਾਤਰ। ਪਰ

- ੫ -