ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਓ ਭੁੱਲਦੇ ਹੋ ਮਹਿੰਗਿਓ ਯਾਰੋ!ਜ਼ਿੰਦਗੀ ਕਰੜਾ ਇਮਤਿਹਾਨ ਹੈ।
ਹਿੰਮਤ ਦੀ ਬਾਰੀਕ ਲੀਕ ਇੱਕ, ਹਾਰ ਤੇ ਜਿੱਤ ਦੇ ਦਰਮਿਆਨ ਹੈ।
ਰੀਸ ਬਰੀਸੀ ਮਰ ਚੱਲੇ ਹੋ ਨਕਲਚੀਓ, ਕਮਅਕਲੇ ਬੰਦਿਓ,
ਹਰ ਬੰਦੇ ਦਾ ਵੱਖਰਾ ਪਰਚਾ,ਜੋ ਸਮਝੇ ਓਹੀ ਇਨਸਾਨ ਹੈ।
ਜੇ ਜਿੱਤਣੈ ਜੰਗ, ਮਨ ਦੇ ਅੰਦਰ ਪਹਿਲਾਂ ਪੱਕਾ ਨਿਸ਼ਚਾ ਧਾਰੋ॥
ਭਟਕਣ ਛੱਡਿਆਂ, ਮੰਜ਼ਿਲ ਨੇੜੇ ਆ ਜਾਂਦੀ ਹੈ ਬਰਖੁਰਦਾਰੋ।
ਤੇਰੇ ਮੇਰੇ ਸਭ ਦੇ ਬਾਬਲ, ਬਿਨਾ ਕਿਤਾਬਾਂ ਇਹ ਕਹਿੰਦੇ ਸੀ,
ਧਰਮਸਾਲ ਵਿੱਚ ਮਗਰੋਂ, ਪਹਿਲਾਂ, ਮਨ ਮੰਦਰ ਵਿੱਚ ਝਾਤੀ ਮਾਰੋ।


ਬੈਠ ,ਉਡੀਕ ਕਰੀ ਜਾਹ ਮੇਰੀ, ਵਕਤ ਕਦੇ ਵੀ ਇਹ ਨਹੀਂ ਕਹਿੰਦਾ।
ਵੇਖ ਲਿਆ ਕਰ ਸ਼ਾਮ ਸਵੇਰੇ, ਸੂਰਜ ਕਿੱਸਰਾਂ ਚੜ੍ਹਦਾ ਲਹਿੰਦਾ।
ਤੂੰ ਦਰਿਆਵਾਂ ਦਾ ਪੁੱਤ ਬਾਂਕਾ, ਕਿਉਂ ਬੈਠਾ ਏਂ ਢੇਰੀ ਢਾਹ ਕੇ,
ਰੁਕਿਆ ਪਾਣੀ ਬੁੱਸ ਜਾਂਦਾ ਹੈ, ਵਰਤਣ ਦੇ ਕਾਬਿਲ ਨਹੀਂ ਰਹਿੰਦਾ।

ਸੰਧੂਰਦਾਨੀ / 22