ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬੱਚਿਆਂ ਦੇ ਮਨ ਅੰਦਰ ਕੀ ਹੈ,ਅਨਪੜ੍ਹ ਮਾਂ ਵੀ ਪੜ੍ਹ ਲੈਂਦੀ ਹੈ।
ਅੱਖੀਆਂ ਵਾਲੀ ਖ਼ੁਰਦਬੀਨ ਸੰਗ ਰੂਹ ਦੀ ਚੋਰੀ ਫੜ ਲੈਂਦੀ ਹੈ।
ਬਾਬਲ ਝਿੜਕੇ ਤੜਫਣ ਲੱਗਦੀ, ਕੰਬਦੀ ਧਰਤ ਭੂਚਾਲ ਦੇ ਵਾਂਗੂੰ,
ਬੱਚਿਆਂ ਖ਼ਾਤਰ , ਸੁੱਚੜੀ ਰੂਹ ਵੀ ਸਗਲ ਬਹਾਨੇ ਘੜ ਲੈਂਦੀ ਹੈ।
ਆਪਣੀ ਮੂਰਤ ਆਪੇ ਖਿੱਚ ਕੇ ਆਪੇ ਆਪਣਾ ਆਪ ਨਿਹਾਰੋ।
ਕਿੰਨੇ ‘ਕੱਲ੍ਹੇ ਹੋ ਚੱਲੇ ਓ, ਸੈਲਫੀ ਲੈਂਦੇ ਬਰਖੁਰਦਾਰੋ॥
ਇੱਕ ਦੂਜੇ ਦਾ ਬਣੋ ਸਹਾਰਾ,ਏਦਾਂ ਉੱਸਰੇ ਭਾਈਚਾਰਾ,
ਜੇ ਮਨ ਲੱਗੇ ਸੌਣ ਤੋਂ ਪਹਿਲਾਂ ਰਾਤੀਂ ਮੇਰਾ ਫ਼ਿਕਰ ਵਿਚਾਰੋ॥
ਯਾਦ ਤੇਰੀ ਦੀ ਗੰਧ ਕਥੂਰੀ ਦਿਲ ਦੇ ਤਾਰ ਹਿਲਾ ਜਾਂਦੀ ਹੈ।
ਸ਼ਬਦਾਂ ਦੀ ਸਤਰੰਗੀ ਲੀਲ੍ਹਾ, ਬੁੱਤ ਨੂੰ ਬੋਲਣ ਲਾ ਜਾਂਦੀ ਹੈ।
ਸੱਚ ਪੁੱਛੋ ਤਾਂ ਰੂਹ ਨਸ਼ਿਆਵੇ,ਜਦ ਵੀ ਉਹ ਪਲ ਚੇਤੇ ਆਵੇ,
ਤੂੰ ਭਾਵੇਂ ਮੁੜ ਫੇਰ ਮਿਲੀ ਨਾ, ਯਾਦ ਤੇਰੀ ਤਾਂ ਆ ਜਾਂਦੀ ਹੈ।
ਸੰਧੂਰਦਾਨੀ / 26