ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉਮਰ ਗੁਜ਼ਾਰੀ ਆਪਣੀ ਸਾਰੀ ਦੋਚਿੱਤੀ ਨੂੰ ਮਾਰਦਿਆਂ।
ਅਗਨ ਸਫ਼ੇ ਦੇ ਸਾਗਰ ਉੱਤੇ ਕਾਗ਼ਜ਼ ਬੇੜੀ ਤਾਰਦਿਆਂ।
ਸਮਝ ਪਵੇ ਨਾ ਅੱਜ ਤੀਕਰ ਵੀ ਕੀ ਖੱਟਿਆ ਕੀ ਵੱਟਿਆ ਏ,
ਜੀਵਨ ਪੂੰਜੀ ਖ਼ਰਚ ਰਿਹਾ ਹਾਂ, ਸੱਚ ਦੇ ਸਿਰ ਤੋਂ ਵਾਰਦਿਆਂ।

ਕਿੱਥੋਂ ਆਏ ਕਿੱਧਰ ਚੱਲੇ ਇਲਮ ਨਹੀਂ ਇਸ ਗੱਲ ਦਾ।
ਅੱਜ ਦਾ ਰੋਜ਼ ਖਿਸਕਿਆ ਹੱਥੋਂ, ਪਤਾ ਨਹੀਂ ਕੁਝ ਕੱਲ੍ਹ ਦਾ।
ਚਾਨਣੀਆਂ ਵਿੱਚ ਤੁਰਿਆਂ ਤੁਰਿਆ ਮਗਰ ਸਦਾ ਪਰਛਾਵਾਂ,
ਰਾਤ ਪਈ ਤੇ ਭਲਿਆ ਲੋਕਾ ਕੌਣ ਕਿਸੇ ਸੰਗ ਚੱਲਦਾ।

ਜਾਨ ਤੋਂ ਪਿਆਰੇ ਜੇ ਨਾ ਮਾਨਣ, ਖ਼ੁਸ਼ੀਆਂ ਜਾਣ ਕਰੰਡੀਆਂ।
ਮੋਹ ਦੇ ਪਾਣੀ ਬਾਝੋਂ ਤਰਸਣ, ਸੁਰਖ਼ ਫੁੱਲਾਂ ਦੀਆਂ ਡੰਡੀਆਂ।
ਪਰ ਜੇ ਸੱਤ ਬੇਗਾਨਾ ਕੋਈ, ਮੀਂਹ ਮੁਸਕਾਨ ਤਰੌਂਕੇ,
ਰੂਹ ਵਿੱਚ ਵਗਦਾ ਹੈ ਪੂਰਵੱਈਆ, ਮਹਿਕਦੀਆਂ ਪਗਡੰਡੀਆਂ।

ਸੰਧੂਰਦਾਨੀ / 30