ਸਮੱਗਰੀ 'ਤੇ ਜਾਓ

ਪੰਨਾ:ਸੰਧੂਰਦਾਨੀ - ਗੁਰਭਜਨ ਗਿੱਲ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅਣਖ਼ ਜਗਾਵੇ ਨਾ ਜੋ, ਉਹ ਵੰਗਾਰ ਨਹੀਂ ਹੁੰਦੀ।
ਚੋਰਾਂ ਨਾਲ ਜੋ ਰਲ ਜੇ, ਉਹ ਸਰਕਾਰ ਨਹੀਂ ਹੁੰਦੀ।
ਹੱਕ, ਸੱਚ, ਇਨਸਾਫ਼ ਤੇ ਡਾਕੇ ਸਿਖ਼ਰ ਦੁਪਹਿਰੇ ਜੇ,
ਵੇਖ ਕੇ ਅੱਖਾਂ ਮੀਟ ਲਵੇ, ਅਖ਼ਬਾਰ ਨਹੀਂ ਹੁੰਦੀ।

ਜਾਣਦੇ ਨਾ ਗੁਣ, ਤੇਰੀ ਭੱਠੀ ਦਾ ਨੀ ਸ਼ਹਿਰੀਏ।
ਭੰਨ ਦੇ ਨੀ ਰੋੜ, ਕੁਝ ਫੁੱਲੇ ਮੈਨੂੰ ਮਹਿਰੀਏ!
ਵੇਖ ਲੈ ਤੂੰ ਰਲ਼ ਬਚੇ ਮੰਗਦੇ ਨੇ ਲੋਹੜੀਆਂ,
ਜੁਗ ਜੁਗ ਜਿਉਣ ਸਿਰੀਂ ਪੰਗਾਂ ਅਤੇ ਲਹਿਰੀਏ।

ਛੰਭ ਵਿਚ ਖਿੜੀਆਂ, ਗੁਲਾਬੀ ਵੇਖੋ ਕੰਮੀਆਂ।
ਦੁੱਖਾਂ ਦੀਆਂ ਰਾਤਾਂ, ਸਾਡੀ ਜ਼ਿੰਦਗੀ ਤੋਂ ਲੰਮੀਆਂ।
ਚੜ੍ਹਿਆ ਸਵੇਰਾ,ਜਿੰਦੇ!ਉੱਠ ਕੇ ਸਲਾਮ ਕਰ,
ਹੋਇਆ ਕੀਹ ਜੇ ਪੀੜਾਂ ਤੇਰੇ ਨਾਲ ਨਾਲ ਜੰਮੀਆਂ।

ਸੰਧੂਰਦਾਨੀ / 70