ਪੰਨਾ:ਹਾਏ ਕੁਰਸੀ.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਕੇ ਉਹ ਮਨੋਵਿਗਿਆਨਕ ਢੰਗ ਨਾਲ ਰੋਗੀਆਂ ਦਾ ਇਲਾਜ ਵੀ ਕਰਦਾ | ਸਾਰਾ ਵਰਾ ਉਸ ਕੋਲ ਕੋਈ ਨਾ ਕੋਈ ਟਿਊਸ਼ਨ ਰਹਿੰਦੀ । ਪੰਝੀ ਸਾਲ ਦੀ ਆਯੂ ਵਿਚ ਹੀ ਉਸ ਕੋਲ ਰੁਪਿਆ ਤੇ ਲੋਕਾਂ ਦਾ ਮਾਣ ਸਤਕਾਰ ਸੀ ।
ਸਰਦਾਰ ਮਹੰਤਾ ਸਿੰਘ ਦੁਗਲ ਸ਼ਹਿਰ ਦੇ ਮੁਖੀ ਸਨ । ਉਹਨਾਂ ਦਾ ਟਰੱਕਾਂ ਦਾ ਕੰਮ ਸੀ, ਇਸ ਵੇਲੇ ਉਹਨਾਂ ਦੇ ਬਹੱਤਰ ਟਰੱਕ ਚਲਦੇ ਸਨ । ਇਹ ਟਰੱਕ ਬਾਰ ਬਰਦਾਰੀ ਦੇ ਕੰਮ ਆਉਂਦੇ ਤੇ ਜੰਮੂ, ਕਸ਼ਮੀਰ, ਮੰਡੀ, ਕੁਲੂ, ਸ਼ਿਮਲੇ ਆਦਿ ਵਲ ਚਲਦੇ । ਕਰੋੜਾਂ ਰੁਪੈ ਦੀ ਆਮਦਨ ਸੀ । ਸਰਦਾਰ ਸਾਹਿਬ ਦੀ ਕਾਫੀ ਸੰਤਾਨ ਸੀ । ਵਡੀ ਲੜਕੀ ਕੇਵਲ ਕੌਰ ਬੀ. ਏ. ਵਿਚ ਪੜ੍ਹਦੀ ਸੀ । ਪਿਛਲੇ ਸਾਲ ਤੋਂ ਪ੍ਰੋਫੈਸਰ ਗਿਆਨ ਕੇਵਲ ਕੌਰ ਨੂੰ ਉਹਦੀ ਕੋਠੀ ਪੜ੍ਹਨ ਜਾਇਆ ਕਰਦਾ ਸੀ । ਉਸ ਦੇ ਉਹਨਾਂ ਨਾਲ ਹੁਣ ਅੰਗਾਂ ਸਾਕਾਂ ਵਾਲੇ ਸਬੰਧ ਹੋ ਗਏ ਸਨ । ਲੋੜ ਵੇਲੇ ਸਰਦਾਰ ਮਹੰਤਾ ਸਿੰਘ ਪ੍ਰੋਫੈਸਰ ਨੂੰ ਆਪਣੇ ਕੋਲ ਸੱਦ ਲੈਂਦੇ ਤੇ ਉਸ ਕੋਲੋਂ ਸਲਾਹ ਲੈ ਕੇ ਉਸ ਤੇ ਅਮਲ ਕਰਦੇ । ਉਹ ਆਪਣੀ ਪਚਵੰਜਾ ਸਾਲਾਂ ਦੀ ਅਕਲ ਨਾਲੋਂ ਗਿਆਨ ਦੀ ਪੰਝੀ ਸਾਲਾਂ ਦੀ ਅਕਲ ਵਧੇਰੇ ਸਮਝਦੇ ।
ਕੇਵਲ ਕੌਰ ਉੱਚੀ ਲਮੀ, ਪਤਲੀ ਗੋਰੀ ਕੁੜੀ ਸੀ । ਡਾਹਡੀ ਹੁੰਦੜ ਹੇਲ ਤੇ ਸੁਨੱਖੀ, ਬੜੀ ਸਮਝਦਾਰ, ਹੁਸ਼ਿਆਰ ਤੇ ਫੁਰਤੀਲੀ ਸੀ । ਕਾਲਜ ਵਿਚ ਮੁੰਡੇ ਆਮ ਤੋਰ ਤੇ ਉਹਦੀਆਂ ਗਲਾਂ ਕਰਦੇ ਰਹਿੰਦੇ ਸਨ । ਜਦ ਪ੍ਰੋਫੈਸਰ ਗਿਆਨ ਉਹਦੀ ਟਿਊਸ਼ਨ ਰਖਣ ਲਗਾ ਸੀ ਤਾਂ ਉਸ ਦੇ ਕੰਨਾਂ ਵਿਚ ਉਹਦੇ ਬਾਰੇ ਕਈ ਗਲਾਂ ਪਈਆਂ ਸਨ । ਪ੍ਰੋਫੈਸਰ ਗਿਆਨ ਦੇ ਦਰਜ਼ੀ ਨੇ, ਇਕ ਵਾਰੀ ਕੇਵਲ ਦੀਆਂ ਗਲਾਂ ਕਰਦੇ, ਉਹਦੇ ਬਾਰੇ ਬੜੀਆਂ ਅਯੋਗ ਗਲਾਂ ਕੀਤੀਆਂ ਸਨ ਤੇ ਨਾਲ ਹੀ ਉਸ ਨੇ ਦਸਿਆ ਸੀ ਕਿ ਉਹ ਉਹਨਾਂ ਦਾ ਘਰੋਗੀ ਦਰਜ਼ੀ ਸੀ । ਫਿਰ ਇਕ ਵਾਰੀ ਮੁੰਡਿਆਂ ਨੇ ਗਲਾਂ ਕਰਦੇ ਦਸਿਆ ਸੀ ਕਿ ਉਹ ਇਕ ਵਾਰੀ ਇਕ ਕੋਠੇ ਤੇ ਪਤੰਗ ਉਡਾ ਰਹੇ ਸਨ, ਨਾਲ ਦਾ ਕੋਠਾ ਕੇਵਲ ਦੀ ਸੀ ਤੇ ਉਹ ਵੀ ਪਤੰਗ ਉਡਾ ਰਹੀ ਸੀ ਦੋਹਾਂ ਪਤੰਗਾਂ ਦਾ ਪੇਚਾ ਲੜ ਗਿਆ । ਕੇਵਲ ਦੀ ਪਤੰਗ ਕੱਟ ਗਈ । ਮੁੰਡਿਆਂ ਰੌਲਾ ਪਾਇਆ, 'ਬੇ ਸੂ ਰੇ' ਇਸ ਚੀਕ ਚਹਾੜੇ ਨਾਲ ਉਹ ਖੁਸ਼ ਹੋ ਰਹੇ ਸਨ ਕਿ ਕੀ ਵੇਖਦੇ ਹਨ, ਕੇਵਲ ਆਪਣੇ ਕੋਠੇ ਤੋਂ ਉਤਰ ਕੇ ਉਹਨਾਂ ਦੇ ਕੋਠੇ ਤੇ ਆ ਚੜ੍ਹੀ ਤੇ ਆ ਕੇ ਉਹਨਾਂ ਦੇ

੬੮