ਇਤਨੇ ਨੂੰ ਨੌਕਰ ਨੇ ਆ ਕੇ ਇਕ ਚਿੱਠੀ ਸਰਦਾਰ ਨੂੰ ਦਿੱਤੀ | ਉਹ ਚਿੱਠੀ ਖੋਲ੍ਹ ਕੇ ਪੜ੍ਹੀ ਗਈ ।
'ਕੀਹਦੀ ਏ’ ਕੇਵਲ ਦੀ ਮਾਂ ਨੇ ਪੁਛਿਆ |
'ਕੇਵਲ ਦੀ, ਲਿਖਦੀ ਏ, ਮੈਂ ਜਾ ਰਹੀ ਹਾਂ, ਇਸ ਘਰ ਮੈਨੂੰ ਖੁਸ਼ੀ ਨਹੀਂ ਮਿਲ ਸਕਦੀ । ਕਾਸ਼, ਤੁਹਾਨੂੰ ਪ੍ਰੋਫੈਸਰ ਗਿਆਨ ਵਰਗਾ ਕੋਈ ਮੁੰਡਾ ਮੇਰੇ ਲਈ ਮਿਲ ਸਕਦਾ । ਹੁਣ ਮੈਂ ਆਪਣਾ ਕੰਵਾਰਪੁਣਾ ਸੰਭਾਲ ਕੇ ਆਪਣੀ ਸੰਭਾਲ ਆਪ ਕਰਾਂਗੀ ।' ਸਰਦਾਰ ਮਹੰਤਾ ਸਿੰਘ ਨੇ ਚਿੱਠੀ ਪੜ੍ਹੀ ਤੇ ਪ੍ਰੋਫੈਸਰ ਗਿਆਨ ਵਲ ਵੇਖਿਆ |
'ਝਲੀ ਕੁੜੀ !’ ਪ੍ਰੋਫੈਸਰ ਗਿਆਨ ਕੂਕਿਆ । ਉਹ ਅਨੁਭਵ ਕਰ ਰਿਹਾ ਸੀ ਕਿ ਇਸ ਚਿੱਠੀ ਦੇ ਪੜ੍ਹੇ ਜਾਣ ਪਿੱਛੋਂ ਉਹ ਸਾਰੀਆਂ ਅੱਖਾਂ ਦਾ ਕੇਂਦਰ ਬਣ ਗਿਆ ਹੈ । ‘ਆਉ ਸਰਦਾਰ ਜੀ, ਚਲ ਕੇ ਉਹ ਨੂੰ ਭਾਲੀਏ ।' ਉਹ ਕੂਕਿਆ ।
'ਪਰ ਉਹ ਕਿਥੇ ਹੋਵੇਗੀ' ਕੇਵਲ ਦੀ ਮਾਂ ਬੋਲੀ ।
‘ਆਪਣੇ ਸੌਹਰਿਆਂ ਦੇ ਸ਼ਹਿਰ, ਹਾਲੀ ਉਥੋਂ ਕਿਧਰੇ ਨਹੀਂ ਗਈ ਹੋਣੀ । ਤੁਸੀਂ ਕਿਸੇ ਨਾਲ ਹਾਲੀ ਗਲ ਨਾ ਕਰਿਆ ਜੇ, ਇਹ ਇੱਜ਼ਤ ਦਾ ਸੁਆਲ ਹੈ |'
ਸਾਰੇ ਉਠ ਬੈਠੇ । 'ਪਰ ਪ੍ਰੋਫੈਸਰ ਸਾਹਿਬ ਤੁਸੀਂ ਇਨੀ ਤਕਲੀਫ ਕਿਵੇਂ ਕਰੋਗੇ ।'
'ਇਸ ਚਿੱਠੀ ਨੇ ਸਾਰੀ ਜ਼ੁਮੇਵਾਰੀ ਮੇਰੇ ਤੇ ਸੁਟ ਦਿੱਤੀ ਹੈ । ਤੁਸੀਂ ਤਿਆਰ ਹੋਵੇ, ਮੈਂ ਘਰੋਂ ਹੋ ਕੇ ਆਉਣਾ' ਇਹ ਆਖ ਕੇ ਉਹ ਛੇਤੀ ਨਾਲ ਉਥੋਂ ਨਿਕਲ ਗਿਆ | ਘਰ ਦੇ ਕੋਠੀ ਅੰਦਰ ਚਲੇ ਗਏ ।
ਪ੍ਰੋਫੈਸਰ ਗਿਆਨ ਨੇ ਵਾਹੋ ਦਾਹੀ ਸਾਈਕਲ ਚਲਾਇਆ | ਕੋਠੀ ਅਪੜ ਕੇ ਉਸ ਗੇਟ ਖੋਹਲਿਆ ਤੇ ਸਾਈਕਲ ਖੜਾ ਕਰ ਕੇ ਉਸ ਨੌਕਰ ਨੂੰ ਸੱਦਣ ਲਈ ਤੇ ਬੂਹਾ ਖੁਲਾਣ ਲਈ ਕਾਲ ਬੈਲ ਵਜਾਈ ।
ਬੂਹਾ ਖੁਲਿਆ ਫੈਸਰ ਗਿਆਨ ਅੰਦਰ ਜਾਣ ਲਗਾ । ਸਾਹਮਣ ਨਜ਼ਰ ਪਈ ਤੇ ਮੁਸਕਾਂਦੀ ਕੇਵਲ ਨੂੰ ਵੇਖ ਕੇ ਡਿੱਗਦਾ ਡਿੱਗਦਾ ਸੰਭਲਦਾ ਹੋਇਆ ਚੀਕਿਆ ।
'ਕੇਵਲ ! ਤੂੰ !!'
'ਹਾਂ' ਕੇਵਲ ਮੁਸ਼ਕਾ ਰਹੀ ਸੀ, 'ਕੀ ਕੋਈ ਇਤਰਾਜ਼ ਹੈ ।'
੧੦੫