ਪੰਨਾ:ਹਾਏ ਕੁਰਸੀ.pdf/125

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੂ-ਬ-ਹੂ ਬੇਦਾਗ਼ ਹੀ ਰਹਿਣਗੇ । ਪਰ ਜਿਹੜੇ ਇਸ ਚੁਕ ਧਰ ਨੂੰ ਜਾਂ ਆਪਣੇ ਹੋਰਨਾਂ ਭਾਂਡਿਆਂ ਦੇ ਭਾਰ ਨੂੰ ਸਹਾਰਨ ਤੋਂ ਅਸਮਰਥ ਰਹਿਣਗੇ, ਉਹਨਾਂ ਵਿਚ ਤ੍ਰੇੜਾਂ ਆ ਜਾਣਗੀਆਂ, ਕਈ ਟੁਟ ਜਾਣਗੇ । ਜਿਨ੍ਹਾਂ ਦਾ ਆਲਾ ਪੁਦਾਲਾ ਚੰਗਾ ਨਾ ਹੋਵੇਗਾ, ਉਹਨਾਂ ਵਿਚ ਕਈ ਨੁਕਸ ਰਹਿਣਗੇ । ਕਈ ਘਟ ਅੱਗ ਕਰਕੇ ਕਚੇ ਰਹਿਣਗੇ, ਕਈ ਵਧੇਰੀ ਅੱਗ ਨਾਲ ਸੜ ਜਾਣਗੇ । ਕਈਆਂ ਦੀਆਂ ਨੁਕਰਾਂ ਭੁਰ ਜਾਣਗੀਆਂ |'
ਉਸ ਦਾ ਸੋਚ ਵਹਿਣ ਉਸੇ ਪ੍ਰਕਾਰ ਚਲ ਰਿਹਾ ਸੀ, 'ਪ੍ਰਮਾਤਮਾ ਵੀ ਤਾਂ ਘੁਮਿਹਾਰ ਦੀ ਸੀ, ਵਡਾ ਘੁਮਿਹਾਰ । ਇਹ ਜਿਤਨੇ ਭਾਡੇ ਘੜਦਾ ਹੈ, ਸਭ ਬੇਦਾਗ਼, ਪਰ ਇਹ ਭਾਂਡੇ ਦੁਨੀਆਂ ਰੂਪੀ ਆਵੇ ਵਿਚ ਆਣ ਕੇ ਕਈ ਪ੍ਰਕਾਰ ਦੇ ਬਣ ਜਾਂਦੇ ਹੈਨ । ਕਈ ਕਚੇ, ਪਿਲੇ ਤੇ ਕਈ ਸੜੇ ਹੋਏ । ਕਈਆਂ ਦੀਆਂ ਨੁਕਰਾਂ ਭੁਰੀਆਂ ਹੋਈਆਂ । ਸੋ ਇਸ ਦਾ ਭਾਵ ਇਹ ਹੋਇਆ, ਜੋ ਆਦਮੀ ਦਾ ਆਲਾ ਪੁਦਾਲਾ ਆਦਮੀ ਦੇ ਆਚਰਨ ਤੇ ਗੂੜ੍ਹਾ ਅਸਰ ਪਾਂਦਾ ਹੈ । ਦੁਨੀਆਂ ਦੀ ਚੁਕ ਧਰ ਆਦਮੀ ਨੂੰ ਬਣਾ ਦੇਂਦੀ ਹੈ, ਵਿਗਾੜ ਦੇਂਦੀ ਹੈ । ਪਰ ਜਦ ਕੋਈ ਆਦਮੀ ਭੈੜਾ ਕੰਮ ਕਰਦਾ ਹੈ ਤਾਂ ਦੁਨੀਆਂ ਆਪਣੀ ਚੁਕ ਧਰ ਜਾਂ ਆਲੇ ਪੁਆਲੇ ਦਾ ਕੋਈ ਖ਼ਿਆਲ ਨਹੀਂ ਕਰਦੀ । ਉਸ ਭੈੜਾ ਕੰਮ ਕਰਨ ਵਾਲੇ ਨੂੰ ਹੀ ਕੋਸਦੀ ਹੈ ।"
'ਸਾਹਬ ਜੀ, ਥਾਣੇਦਾਰ ਸਾਹਿਬ ਆਪ ਨੂੰ ਸਲਾਮ ਕਰਨ ਲਈ ਫੇਰ ਆਏ ਹੈਨ ।' ਨੌਕਰ ਨੇ ਅੰਦਰ ਆਉਂਦੇ ਹੋਏ ਆਖਿਆ ।
'ਹੂੰ' ਕਰਕੇ ਨਿਰਮਲ ਚੁਪ ਕਰ ਰਿਹਾ | ਉਹ ਆਪਣੀਆਂ ਸੋਚਾਂ ਵਿਚ ਗ਼ਲਤਾਨ ਸੀ ।
'ਥਾਨੇਦਾਰ ਫੇਰ ਆਏ ਹੈਨ !' ਨੌਕਰ ਨੇ ਉਸ ਦੇ ਕੋਲ ਜਾਂਦੇ ਹੋਏ ਆਖਿਆ ।
'ਅਛਾ, ਫੇਰ ਆਏ ਹੈਨ !' ਉਹਨਾਂ ਨੂੰ ਭੇਜ ਦੋ !' ਨਿਰਮਲ ਨੇ ਬਾਰੀ ਵਲੋਂ ਮੁੜ ਕੇ ਤੇ ਨੌਕਰ ਵਲ ਵੇਖਦੇ ਹੋਏ ਆਖਿਆ । ਨਿਰਮਲ ਦੀਆਂ ਅਖਾਂ ਅਗੇ ਉਸਾ ਰਾਤ ਦਾ ਦ੍ਰਿਸ਼ ਫਿਰ ਗਿਆ, ਜਦ ਉਸ ਨੇ ਪੀਟਰ ਨੂੰ ਜ਼ੋਹਰਾ ਨਾਚੀ ਦੇ ਕੋਠੇ ਤੇ ਸ਼ਰਾਬ ਦੇ ਲੋਰ ਵਿਚ ਤੇ ਜੂਏ ਦੀ ਪਾਰਟੀ ਨਾਲ ਫੜਆ ਸੀ । ਉਸ ਨੇ ਪੂਰਾ ਫ਼ੈਸਲਾ ਕਰ ਲਿਆ ਸੀ ਜੋ ਉਹ ਫ਼ਜ਼ਲ ਹੁਸੈਨ ਨੂੰ ਨੌਕਰੀ ਤੋਂ ਜਵਾਬ ਦੇ ਦੇਵੇਗਾ ਕਿਉਂਕਿ ਅਠ ਮਹੀਨੇ ਦੀ ਲਗਾਤਾਰ ਕੋਸ਼ਸ਼ ਉਸ ਨੂੰ ਠੀਕ ਨਹੀਂ ਸੀ ਕਰ ਸਕੀ ।

੧੨੩