ਪੰਨਾ:ਹਾਏ ਕੁਰਸੀ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਦ ਵੀ ਟੁਰਦੇ ਟੁਰਦੇ ਜਾਂ ਕਿਸੇ ਕੋਲ ਖਲੋਤੇ ਹੋਏ ਉਗਰਸੈਣ ਨੂੰ ਕੋਈ ਵਾਕਫ਼ ਮਿਲਿਆ, ਉਸ ਨੇ ਉਸ ਨੂੰ ਟਿਚਕਰ ਕੀਤੇ ਬਿਨਾਂ ਜਾਣ ਨਾ ਦਿੱਤਾ। ਬਲਜੀਤ ਇਲਾਹਬਾਦ ਯੂਨੀਵਰਸਿਟੀ ਵਿਚ ਚੰਗੀ ਤਲਬ ਲੈਂਦਾ ਸੀ। ਯੂਨੀਵਰਸਿਟੀ ਦਾ ਡਿਪਟੀਰਜਿਸਟਰਾਰ ਲਗਾ ਹੋਇਆ ਸੀ। ਕੁਝ ਨੌਕਰੀ ਦੇ ਲਿਹਾਜ਼ ਨਾਲ ਤੇ ਕੁਝ ਚੰਗੀ ਸੁਸਾਇਟੀ ਕਰ ਕੇ ਉਹ ਗੰਭੀਰ ਤਬੀਅਤ ਦਾ ਸੀ। ਜਿਸ ਤਰ੍ਹਾਂ ਦਾ ਨਿਕੇ ਹੁੰਦਿਆਂ ਸੀ, ਉਸੇ ਤਰ੍ਹਾਂ ਦਾ ਹੀ ਉਹ ਵੱਡਾ ਹੋ ਕੇ ਵੀ ਰਿਹਾ। ਉਸ ਦੇ ਸੁਭਾਅ ਵਿਚ ਰਤੀ ਜਿੰਨਾ ਵੀ ਫਰਕ ਨਹੀਂ ਸੀ ਪਿਆ।

ਦੋਵੇਂ ਜਣੇ ਬਾਜ਼ਾਰ ਵਿਚੋਂ ਦੀ ਲੰਘਦੇ ਗਏ। ਇਕ ਹੱਦੀ ਦੇ ਕੋਲੋਂ ਲੰਘਣ ਲਗੇ ਉਗਰਸੈਣ ਖਲੋ ਗਿਆ| 'ਮੈਂ ਚਾਰ ਗੋਲੀਆਂ ਕੁਨੀਨ ਲੈ ਲਾਂ' ਇਹ ਆਖਦਾ ਉਹ ਦੁਕਾਨ ਤੇ ਜਾ ਚੜ੍ਹਿਆ। ਅੰਦਰ ਦੁਕਾਨਦਾਰ ਕੋਲ ਤਿੰਨ ਚਾਰ ਹੋਰ ਗਾਹਕ ਵੀ ਬੈਠੇ ਸਨ। ਬਲਜੀਤ ਨੇ ਸੁਣਿਆ, ਉਗਰਸੈਣ ਦੁਕਾਨਦਾਰ ਨੂੰ ਆਖ ਰਿਹਾ ਸੀ, 'ਸੁਣਾ ਭਈ ਐਨ. ਟੀ. ਕੀ ਹਾਲ ਹੈ। ਦੁਕਾਨਦਾਰ ਜਾਂ ਐਨ. ਟੀ. ਨੇ ਕੋਈ ਉੱਤਰ ਨਾ ਦਿੱਤਾ। ਉਸ ਦੇ ਚਿਹਰੇ ਦੇ ਭਾਵ ਪਰਤੇਖ ਦਸ ਰਹੇ ਸਨ, ਕਿ ਉਸ ਨੂੰ ਉਗਰਸੈਣ ਦਾ ਉਸ ਵੇਲੇ ਦਾ ਆਉਣਾ ਪਸੰਦ ਨਹੀਂ ਸੀ, ਪਰ ਦੁਕਾਨਦਾਰ ਹੋਣ ਦੀ ਹੈਸੀਅਤ ਉਹ ਉਸ ਨੂੰ ਰੋਕ ਵੀ ਨਹੀਂ ਸੀ ਸਕਦਾ। ਪਰ ਉਗਰਸੈਣ ਦੇ ਆਉਣ ਤੇ ਆਪਣੀ ਅਪ੍ਰਸੰਨਤਾ ਦਸਣ ਲਈ ਉਸ ਨੇ ਉਸ ਦੀ ਪੁਛ ਦਾ ਕੋਈ ਉੱਤਰ ਨਾ ਦਿੱਤਾ ਤੇ ਦੂਜੇ ਗਾਹਕ ਦਾ ਚੁਪ ਕਰ ਕੇ ਕੰਮ ਕਰਦਾ ਰਿਹਾ। ਉਗਰਸੈਣ ਫਿਰ ਬੋਲਿਆ, 'ਐਨ. ਟੀ. ਦੁਕਾਨ ਤੇ ਆਇਆਂ ਨਾਲ ਗੱਲ ਨਹੀਂ ਕਰੇਂਗਾ।'

'ਕਰਾਂਗਾ ਕਿਉਂ ਨਹੀਂ, ਪਰ ਜੋ ਬੰਦਿਆਂ ਵਾਂਗ ਗਲ ਕਰੇ, ਉਸ ਨਾਲ ਹੀ ਗਲ ਕੀਤੀ ਜਾਂਦੀ ਹੈ।'
'ਅਛਾ ! ਅਸੀਂ ਬੰਦਿਆਂ ਵਾਂਗ ਗਲ ਨਹੀਂ ਕਰਦੇ।'
'ਅਗੇ ਕਦੇ ਕੀਤੀ ਆ ਬੰਦਿਆਂ ਵਾਂਗ ਗਲ।'
'ਅਜ ਤੇਰਾ ਮੂਡ ਵਿਗੜਿਆ ਜਾਪਦਾ ਹੈ, ਚੰਗਾ ਭਈ ਐਨ.ਟੀ.ਜੂ ਹੋਇਓਂ’ ਦੁਕਾਨਦਾਰ ਨੇ ਫਿਰ ਮੂੰਹ ਨਕ ਵਟਿਆ। ‘ਚੰਗਾ ਚਾਰ ਗੋਲੀਆਂ ਕੁਨੈਣ ਦੇਹ।' ਦੁਕਾਨਦਾਰ ਨੇ ਚਾਰ ਗੋਲੀਆਂ ਕੁਨੈਣ ਕਢ ਕੇ ਨਿਕੇ ਲਫ਼ਾਫ਼ੇ ਵਿਚ ਪਾ ਦਿੱਤੀਆਂ

੩੮