ਪੰਨਾ:ਹਾਏ ਕੁਰਸੀ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਪੌਂ ਬਾਰਾਂ ਹੀ ਹੋ ਜਾਂਦੀਆਂ ਨੇ | ਬੰਦਾ ਆਪਣੇ ਆਪ ਨੂੰ ਧੋਖਾ ਦੇਣ ਦੇ ਕਿਤਨੇ ਸਾਧਨ ਬਣਾਂਦਾ ਹੈ | ਇਹ ਮੰਨ ਲੈਣਾ ਕਿ ਆਪਣੇ ਇਸ਼ਟ ਦੀ ਬਾਣੀ ਵਿਚ ਕੁਝ ਚੰਗੇ ਹੁਕਮ ਹੈਣ ਤੇ ਕੁਝ ਬੁਰੇ, ਇਸ ਗੱਲ ਦਾ ਪ੍ਰਤੱਖ ਸੂਚਕ ਹੈ ਕਿ ਬੰਦਾ ਆਪਣੇ ਇਸ਼ਟ ਤੇ ਪੂਰਾ ਵਿਸ਼ਵਾਸ ਨਹੀਂ ਰਖਦਾ । ਖੈਰ, ਉਸ ਕਪੜੇ ਪਾ ਕੇ ਗੁਰਦਵਾਰੇ ਜਾਣ ਦੀ ਤਿਆਰੀ ਕਰ ਲਈ | ਕਾਕਾ ਹਾਲੀ ਵੀ 'ਆਂਡਾ ਲੈਣਾ’ ਦੀ ਰਟ ਲਾ ਰਿਹਾ ਸੀ । ਉਸ ਨੇ ਕਾਕੇ ਨੂੰ ਇਹ ਆਖ ਕੇ ਚੁਪ ਕਰਾਇਆ ਕਿ ਗੁਰਦਵਾਰੇ ਤੋਂ ਆਣ ਕੇ ਉਹ ਉਸ ਨੂੰ ਆਂਡਾ ਦੇਵੇਗੀ । ਉਹ ਆਪ ਗੁਰਦਵਾਰੇ ਚਲੀ ਗਈ ।
ਆਸਾ ਦੀ ਵਾਰ ਦਾ ਭੋਗ ਪੈ ਚੁਕਾ ਸੀ । ਕੋਈ ਸਜਨ ਵੈਸਾਖ ਮਹੀਨੇ ਦੀ ਕਥਾ ਕਰ ਰਿਹਾ ਸੀ | ਕਬਕ ਸਜਨ ਇਸ ਤੁਕ ਨੂੰ ਬਾਰ ਬਾਰ ਦੁਹਰਾ ਰਿਹਾ ਸੀ, "ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋਹ ।" ਕਿਵੇਂ ਬੰਦਾ ਫਿਰ ਫਿਰ ਮਾਇਆ ਵਿਚ ਪਲਚਦਾ ਹੈ ਤੇ ਝੂਠੇ ਧੰਦਿਆਂ ਤੇ ਝੂਠੇ ਮੋਹ ਨਾਲ ਅਟਿਆ ਪਿਆ ਇਸ ਜਗ ਤੋਂ ਕੂਚ ਕਰ ਜਾਂਦਾ ਹੈ । ਕਥਕ ਕਥਾ ਕਰ ਰਿਹਾ ਸੀ, ਪਰ ਉਹ ਆਪਣੇ ਜੀਵਨ ਦਾ ਆਪਣੇ ਆਪ ਨਾਲ ਵਿਸ਼ਲੇਸ਼ਨ ਕਰੀ ਜਾ ਰਹੀ ਸੀ । ਕਿਵੇਂ ਉਹ ਆਂਡੇ ਦੇਣ ਵਾਲੇ ਨਾਲ ਹਰ ਵਾਰੀ ਧੋਖਾ ਕਰਦੀ ਰਹੀ ਸੀ । ਲੈਣੇ ਚੌਦਾਂ ਪੰਦਰਾਂ ਪਰ ਦਸਣੇ ਦਰਜ਼ਨ ਤੇ ਪੈਸ਼ੇ ਵੀ ਦਰਜਨ ਦੇ ਦੇਣੇ । ਹਰ ਮਹੀਨੇ ਦੋਧੀ ਨਾਲ ਦੁਧ ਦਾ ਹਿਸਾਬ ਕਰਨਾ ਤੇ ਦੋ ਤਿੰਨਾਂ ਦਿਨਾਂ ਦੇ ਪੈਸੇ ਰੌਲਾ ਗੋਲਾ ਪਾ ਕੇ ਮਾਰ ਲੈਣੇ । ਆਖਰ ਕਿਸ ਲਈ, ਆਪਣੇ ਬਚਿਆਂ ਲਈ ? ਬਚੇ ਉਸ ਦੇ ਕਿਹੜੇ ਕੁਰਬਲ ਕੁਰਬਲ ਪਏ ਕਰਦੇ ਸਨ | ਫਿਰ ਕੀ ਪਤੀ ਦੀ ਬੱਚਤ ਲਈ ? ਉਹ ਕਿਹੜਾ ਉਸ ਨੂੰ ਬੱਚਤ ਕਰਨ ਲਈ ਆਖਦਾ ਸੀ, ਬਹੁਤੇਰੀ ਆਮਦਨ ਸੀ । ਫਿਰ ਤਿੰਨ ਚਾਰ ਸੇਰ ਦੁਧ ਦੇ ਪੈਸੇ ਮਾਰ ਲੈਣ ਨਾਲ ਜਾਂ ਦੋ ਦਰਜਨਾਂ ਆਂਡਿਆਂ ਦੇ ਪੈਸੇ ਨਾ ਦੇਣ ਨਾਲ ਤਾਂ ਨਹੀਂ ਨਾ ਸਾਰੇ ਮਹੀਨੇ ਦਾ ਖਰਚ ਨਿਕਲ ਸਕਦਾ । ਫ਼ਿਰ ਧੋਬੀ ਨੂੰ ਅਧੀ ਕੋੜੀ ਕਪੜਿਆਂ ਦੀ ਧੁਆਈ ਨਾ ਦੇਣ ਨਾਲ ਤਾਂ ਰੋਕੜ ਨਹੀਂ ਸਨ ਨਾ ਜੁੜ ਸਕਦੇ । ਆਖਰ ਉਹ ਇਹਨਾਂ ਝੂਠੇ ਧੰਧਿਆਂ ਵਿਚ ਕਿਉਂ ਪਲਚਦੀ ਰਹੀ । ਫਿਰ ਉਸ ਨੂੰ ਆਪਣੇ ਜੀਵਨ ਦਾ ਪਿਛੋਕੜ ਯਾਦ ਆਉਂਦਾ, ਕਿਵੇਂ ਉਸ ਦੀ ਮਤਰੇਈ ਮਾਂ ਉਸ ਨੂੰ ਖਾਣ ਪੀਣ ਤੋਂ ਰੋਕਦੀ ਹੁੰਦੀ ਸੀ ਤੇ ਉਹ ਹਰ ਵਾਰ ਦਾਅ ਦਪਾ ਲਾ ਕੇ ਖਾ ਪੀ ਜਾਂਦੀ ਸੀ । ਸਿਧੇ ਅੱਖਰਾਂ ਵਿਚ ਤਾਂ ਉਹ ਚੋਰੀ ਕਰਦੀ