ਪੰਨਾ:ਹਾਏ ਕੁਰਸੀ.pdf/87

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਆਪਣੇ ਬਚਿਆਂ ਨੂੰ ਨਾਲ ਲੈ ਕੇ ਘਰ ਪਰਤੀ | ਆ ਕੇ ਉਸ ਨੇ ਆਪਣੇ ਕਪੜੇ ਲਾਹਣੇ ਸ਼ੁਰੂ ਕੀਤੇ । ਕਾਕੇ ਨੇ ਫਿਰ ਆਂਡਾ ਲੈਣ ਦੀ ਰਟ ਲਾ ਦਿੱਤੀ । ਉਹ ਆਪਣੇ ਕਪੜੇ ਲਾਹ ਰਹੀ ਸੀ ਜੋ ਬਾਹਰੋਂ ਆਵਾਜ਼ ਆਈ, “ਬੀਬੀ ਜੀ ਆਂਡਿਆਂ ਵਾਲਾ ।” ਉਹ ਛੇਤੀ ਨਾਲ ਰਾਤ ਦੇ ਵਿਛੇ ਬਿਸਤਰੇ ਵਿਚ ਵੜ ਗਈ ਤੇ ਆਪਣੀਆਂ ਲਤਾਂ ਤੇ ਰਜਾਈ ਦੀ ਹੋਈ ਬੋਲੀ, “ਅੰਦਰ ਆ ਜਾ" ਆਂਡਿਆਂ ਵਾਲਾ ਅੰਦਰ ਆ ਗਿਆ । ਉਸ ਕੋਲੋਂ ਟੋਕਰੀ ਫੜਦੀ ਹੋਈ ਬੋਲੀ, “ਤੂੰ ਬਾਹਰ ਠਹਿਰ ਮੈਂ ਆਪਣੀ ਮਰਜ਼ੀ ਦੇ ਇਕ ਦਰਜਨ ਆਂਡੇ ਛਾਣ ਲੈਂਦੀ ਹਾਂ ।
ਆਂਡਿਆਂ ਵਾਲਾ ਬਾਹਰ ਚਲਾ ਗਿਆ । ਉਸ ਨੇ ਬੜੇ ਆਰਾਮ ਨਾਲ ਆਂਡੇ ਛਾਂਟੇ ਤੇ ਦਰਜਨ ਆਂਡੇ ਰਜਾਈ ਦੇ ਬਾਹਰ ਰੱਖ ਕੇ ਆਂਡਿਆਂ ਵਾਲੇ ਨੂੰ ਦੇਣ ਲਗੀ ਸੀ ਜੋ ਉਸ ਦੇ ਅੰਦਰੋਂ ਆਵਾਜ਼ ਆਈ, "ਦੇ ਆਂਡੇ ਹੋਰ ਰਖ ਲੈ, ਜਦ ਕਾਕਾ ਜ਼ਿਦ ਕਰਦਾ ਹੈ, ਤਾਂ ਫਿਰ ਉਸ ਨੂੰ ਚੁੱਪ ਕਰਾਣ ਲਈ ਕੁਝ ਨਹੀਂ ਔੜਦਾ ।" "ਪਰ ਕੀ ਮਹਾਰਾਜ ਨਾਲ ਕੀਤੇ ਬਚਨ ਨੂੰ ਦੋ ਆਂਡਿਆਂ ਲਈ ਭੰਗ ਕਰ ਲਵੇ |" ਤਾਂ ਉਹ ਸੋਚਣ ਲਗੀ, “ਇਸ ਤਰ੍ਹਾਂ ਵੀ ਕਦੇ ਮੁਕਤੀ ਹੋ ਸਕਦੀ ਹੈ । ਮਹਾਰਾਜ ਨਾਲ ਇਕਰਾਰ ਕਰਕੇ ਫਿਰ ਤੋੜਨ ਨਾਲ ਤਾਂ ਨਰਕਾਂ ਦਾ ਸਿਧਾ ਰਾਹ ਖੁਲ੍ਹ ਜਾਂਦਾ ਹੈ ।" ਉਹ ਦੋਚਿੱਤੇ ਨਾਲ ਸੋਚਦੀ ਰਹੀ । ਬਾਹਰ ਆਂਡਿਆਂ ਵਾਲਾ ਕਾਹਲਾ ਪੈ ਰਿਹਾ ਸੀ । ਕਾਕਾਂ ਬਾਹਰ ਆਪਣੀ ਭੈਣ ਦੀ ਕੁਛੜ ਚੜ੍ਹਿਆ ਹੋਇਆ "ਆਂਡਾ ਲੈਣਾ ਏ" ਦੀ ਰਟ ਲਾ ਰਿਹਾ ਸੀ । ਉਸ ਨੇ ਆਪਣੇ ਮਨ ਦੀ ਡੋਲ ਰਹੀ ਸਥਿਤੀ ਨੂੰ ਬੰਦ ਕਰਨ ਲਈ ਟੋਕਰੀ ਵਿਚੋਂ ਤਿੰਨ ਆਂਡੇ ਫੜ ਕੇ ਰਜਾਈ ਅੰਦਰ ਰਖ ਲਏ ਤੇ ਹੌਲੀ ਜਿਹੀ ਬੁੜਬੁੜਾਈ "ਦੌਲਤ ਸਾਰੀ ਕਿਸੇ ਇਕਠੀ ਕਰ ਲਈ, ਐਸ਼ਾਂ ਤੇ ਮੌਜਾਂ ਹੋਰਨਾਂ ਕਿਸੇ ਕਰ ਲਈਆਂ ਤੇ ਸਾਡੇ ਹਿਸੇ ਰਹਿ ਗਈ ਮੜੀ ਮੁਕਤੀ ।" ਇਸ ਉਪਰੰਤ ਉਸ ਨੇ ਆਂਡਿਆਂ ਵਾਲੇ ਨੂੰ ਆਵਾਜ਼ ਮਾਰੀ । ਉਹ ਅੰਦਰ ਆਇਆ । ਉਸ ਨੂੰ ਟੋਕਰੀ ਮੌੜ ਕੇ ਦੇਦੀ ਹੋਈ ਉਹ ਛਾਤੀ ਤਾਣ ਕੇ ਬੋਲੀ, ਮੈਂ ਦਰਜਨ ਆਂਡੇ ਲਏ ਨੇ, ਪੈਸੇ ਅਗਲੀ ਵੇਰ ਲੈ ਜਾਵਾ |" ਆਂਡਿਆਂ ਵਾਲੇ ਨੇ ਇਕ ਚੁਭਵੀਂ ਨਜ਼ਰ ਉਸ ਤੇ ਸੁਟੀ ਤੇ ਟੋਕਰੀ ਫੜ ਕੇ ਚਲਾ ਗਿਆ | ਰਜ਼ਾਈ ਅੰਦਰਲੇ ਤਿੰਨ ਆਂਡੇ ਕਢ ਕੇ ਦਰਜਨ ਆਂਡਿਆਂ ਵਿਚ ਰਲਾਂਦੀ ਹੋਈ ਉਹ ਕੂਕੀ, “ਮੁੰਨੀ, ਲੈ ਵੀਰ ਨੂੰ ਦੇ ਆਂਡਾ |"