ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੩੩)

ਲੜ ਰਹੀ ਸੀ ਪਿੰਡਾਰੇ ਹੋਰ ਭੀ ਦਿਲੇਰ ਹੋ ਗਏ ਸਨ ਅਤੇ ਬਾਜੀ ਰਾਉ ਪੇਸ਼ਵਾ ਇਨ੍ਹਾਂ ਨੂੰ ਸ਼ੈਹ ਦੇਕੇ ਹਰ ਪਾਸੇ ਲੁੱਟ ਮਾਰ ਕਰਾ ਰਿਹਾ ਸੀ। ਲਾਰਡ ਹੇਸਟਿੰਗਜ਼ ਨੇ ਸੰ:੧੮੧੬ਈ: ਵਿਚ ਇੱਕ ਲੱਖ ੨੦ ਹਜ਼ਾਰ ਆਦਮੀਆਂ ਦੀ ਇਕੱਤ੍ਰਤਾ ਕੀਤੀ, ਜਿਸ ਵਿਚ ਮਦਰਾਸ, ਬੰਬਈ ਅਰ ਬੰਗਾਲੇ ਦੀਆਂ ਫ਼ੌਜਾਂ ਸ਼ਾਮਲ ਸਨ। ਇਸ ਫ਼ੌਜ ਵਿਚ ਪਿੰਡਾਰੇ ਅਜਹੇ ਘਿਰ ਗਏ ਕਿ ਇੱਕ ਭੀ ਨਿਕਲ ਨਹੀਂ ਸਕਦਾ ਸੀ। ਲੜਾਈ ਤਾਂ ਕੋਈ ਨਾਂ ਹੋਈ, ਕਿਉਂਕਿ ਪਿੰਡਾਰੇ ਲੜਨਾ ਚਾਹੁੰਦੇ ਹੀ ਨਹੀਂ ਸਨ, ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਮਾਰ ਦਿੱਤੇ ਗਏ ਤੇ ਰਹਿੰਦੇ ਖੁਹੰਦੇ ਹਥਿਆਰ ਸੁੱਟਕੇ ਨੱਸ ਗਏ ਅਰ ਅਰਾਮ ਨਾਲ ਪਿੰਡਾਂ ਵਿੱਚ ਵੱਸਣ ਲੱਗ ਪਏ। ਇਨ੍ਹਾਂ ਦਾ ਇਕ ਸਰਦਾਰ ਚੇਤੂ ਨਾਮੇ ਸ਼ੇਰ ਨੇ ਮਾਰ ਸੁੱਟਿਆ, ਬਾਕੀ ਸਰਦਾਰਾਂ ਨੇ ਅੰਗ੍ਰੇਜ਼ਾਂ ਦੀ ਅਧੀਨਗੀ ਪ੍ਰਵਾਨ ਕਰ ਲਈ ਅਰ ਉਨ੍ਹਾਂ ਨੂੰ ਮਾਫੀ ਦੇਕੇ ਗੁਜ਼ਾਰੇ ਲਈ ਨਿੱਕੀਆਂ ਜਾਗੀਰਾਂ ਦਿੱਤੀਆਂ ਗਈਆਂ। ਅਮੀਰ ਖਾਂ ਨੂੰ ਰਾਜਪੂਤਾਨੇ ਵਿਚ ਟੋਂਕ ਦੀ ਰਿਆਸਤ ਮਿਲੀ ਅਤੇ ਨਵਾਬ ਅਸਥਾਪਨ ਕੀਤਾ ਗਿਆ। ਸੰ: ੧੮੧੮ ਈ: ਤੀਕ ਪਿੰਡਾਰਿਆਂ ਦਾ ਖੁਰਾ ਖੋਜ ਨਾਂ ਰਿਹਾ ਅਤੇ ਹਿੰਦਸਤਾਨ ਇਨ੍ਹਾਂ ਦੇ ਜ਼ੁਲਮ ਤੋਂ ਅਮਨ ਵਿੱਚ ਹੋ ਗਿਆ॥

—:o:—