ਪੰਨਾ:ਹੀਰ ਵਾਰਸਸ਼ਾਹ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮)

ਜਾਹ ਸੱਜਰਾ ਕੰਮ ਗਵਾ ਨਾਹੀਂ ਹੋ ਜਾਸੀਆ ਜੋਬਨਾ ਫੇਰ ਬੇਹਾ
ਰਾਂਝੇ ਖਾ ਗੁੱਸਾ ਸਿਰ ਧੌਲ ਮਾਰੀ ਕਿਹੀ ਚੰਮੜੀ ਉੱਨ ਨੂੰ ਜਿਵੇਂ ਲੇਹਾ
ਤੁਸੀਂ ਦੇਸ ਰਖੋ ਅਸੀਂ ਛੱਡ ਚੱਲੇ ਲਾਹ ਝੱਗੜਾ ਭਾਬੀਏ ਗੱਲ ਏਹਾ
ਰਾਂਝਾ ਹੋ ਗੁਸੇ ਉੱਠ ਰਵਾਂ ਹੋਯਾ ਭਾਬੀ ਰੱਖ ਰਹੀ ਓਹ ਤਾਂ ਨਾਂਹ ਰੇਹਾ
ਹੱਥ ਪਕੜ ਕੇ ਜੁਤੀਆਂ ਮਾਰ ਬੁਕਲ ਰਾਂਝਾ ਹੋ ਟੁਰਿਆ ਵਾਰਸ ਸ਼ਾਹ ਜੇਹਾ

ਰਾਂਝੇ ਨੇ ਤਖਤ ਹਜ਼ਾਰਿਓਂ ਰਵਾਨਾ ਹੋਣਾ

ਰੂਹ ਛੱਡ ਕਲਬੂਤ ਜਿਉਂ ਵਿਦਾ ਹੁੰਦੀ ਤਿਵੇਂ ਇਹ ਦਰਵੇਸ਼ ਸਿਧਾਰਿਆ ਈ
ਅੰਨ ਪਾਣੀ ਹਜਾਰੇ ਦਾ ਖਤਮ ਕਰਕੇ ਕਸਦ ਝੰਗ ਸਿਆਲਾਂ ਦਾ ਧਾਰਿਆ ਈ
ਕੀਤਾ ਰਿਜ਼ਕ ਨੇ ਆਣ ਉਦਾਸ ਰਾਂਝਾ ਚਲੋ ਚਲੀ ਹੈ ਜੀਉ ਪੁਕਾਰਿਆ ਈ
ਕੱਛੇ ਵੰਝਲੀ ਮਾਰ ਕੇ ਰਵਾਂ ਹੋਯਾ ਵਾਰਸ ਦੇਸ ਤੇ ਵਤਨ ਵਿਸਾਰਿਆ ਈ

ਰਾਂਝੇ ਦੇ ਜਾਣ ਦੀ ਭਾਈਆਂ ਨੂੰ ਖਬਰ ਹੋਣੀ

ਖ਼ਬਰ ਭਾਈਆਂ ਨੂੰ ਲੋਕਾਂ ਜਾ ਦਿੱਤੀ ਧੀਦੋ ਰੁੱਸ ਹਜ਼ਾਰਿਓਂ ਚੱਲਿਆ ਜੇ
ਹੱਲ ਵਾਹੁਣਾ ਓਸ ਤੋਂ ਹੋਇ ਨਾਹੀਂ ਮਾਰ ਬੋਲੀਆਂ ਭਾਬੀਆਂ ਸੱਲਿਆ ਜੇ
ਪਕੜ ਰਾਹ ਤੁਰਿਆ ਹੰਝੂ ਨੈਣ ਰੋਵਣ ਜਿਵੇਂ ਨਦੀ ਦਾ ਨੀਰ ਉਛੱਲਿਆ ਜੇ
ਧੀਦੋ ਖੌਝਿਆ ਨਾਲ ਭਰਜਾਈਆਂ ਦੇ ਉਹਦਾ ਕਿਸੇ ਨਾ ਜੀਉ ਤਸੱਲਿਆ ਜੇ
ਅਗੋਂ ਵੀਰ ਦੇ ਵਾਸਤੇ ਭਾਈਆਂ ਨੇ ਅਧਵਾਟਿਓਂ ਰਾਹ ਆ ਮੱਲਿਆ ਜੇ
ਵਾਰਸ ਹੱਕ ਦੇ ਨੂੰ ਜਦੋਂ ਰੰਜ ਕਰੀਏ ਤਦੋਂ ਅਰਸ਼ ਅਲਾਹ ਦਾ ਹੱਲਿਆ ਜੇ

ਭਾਈਆਂ ਦੀ ਮਿੰਨਤ ਅਤੇ ਰੋਣਾ ਰਾਂਝੇ ਅਗੇ

ਆਖ ਰਾਂਝਿਆ ਭਾ ਕੀ ਬਣੀ ਤੇਰੇ ਦੇਸ ਬਾਪ ਦਾ ਛੱਡ ਸਿਧਾਰ ਨਾਹੀਂ
ਵੀਰਾ ਅੰਬੜੀ ਜਾਇਆ ਜਾ ਨਾਹੀਂ ਸਾਨੂੰ ਨਾਲ ਫ਼ਿਰਾਕ ਦੇ ਮਾਰ ਨਾਹੀਂ
ਇਹ ਬਾਂਦੀਆਂ ਅਸੀਂ ਗ਼ੁਲਾਮ ਤੇਰੇ ਕੋਈ ਹੋਰ ਵਿਚਾਰ ਵਿਚਾਰ ਨਾਹੀਂ
ਬਖਸ਼ ਇਹ ਗੁਨਾਹ ਤੂੰ ਭਾਬੀਆਂ ਨੂੰ ਕੌਣ ਜੰਮਿਆ ਜੋ ਗੁਨ੍ਹਾਗਾਰ ਨਾਹੀਂ
ਭਾਈਆਂ ਬਾਝ ਨਾ ਮਜਲਸਾਂ ਸੋਂਹਦੀਆ ਨੇ ਅਤੇ ਭਾਈਆਂ ਬਾਝ ਬਹਾਰ ਨਾਹੀਂ
ਲੱਖ ਓਟ ਹੈ ਕੋਲ ਵਸੰਦਿਆਂ ਦੀ ਭਾਈਆਂ ਗਿਆਂ ਜੇਡੀ ਕੋਈ ਹਾਰ ਨਾਹੀਂ
ਭਾਈ ਢਾਹੁੰਦੇ ਭਾਈ ਉਸਾਰਦੇ ਨੀ ਭਾਈਆਂ ਬਾਝ ਬੇਲੀ ਕੋਈ ਯਾਰ ਨਾਹੀਂ
ਭਾਈ ਮਰਨ ਤੇ ਪੈਂਦੀਆਂ ਭਜ ਬਾਹਾਂ ਬਿਨਾਂ ਭਾਈਆਂ ਭਰੇ ਪ੍ਰਵਾਰ ਨਾਹੀਂ
ਤਾਲਿਆਮੰਦ ਦੀਆਂ ਲੱਖ ਖੁਸ਼ਾਮਦਾਂ ਨੀ ਤੇ ਗਰੀਬ ਦਾ ਕੋਈ ਗਮਖ਼ਾਰ ਨਾਹੀਂ
ਬਾਵ੍ਹਾਂ ਵਾਲਿਆਂ ਦੀ ਲੋਕ ਕਰਨ ਮਿੰਨਤ ਬਿਨਾਂ ਬਾਹਾਂ ਦੇ ਕੋਈ ਸਰਦਾਰ ਨਾਹੀਂ
ਬਾਹਾਂ ਕੱਲੀਆਂ ਨੂੰ ਲੋਕ ਮਾਰਦਾ ਜੇ ਬਾਹਾਂ ਵਾਲਿਆਂ ਨੂੰ ਕਾਈ ਸਾਰ ਨਾਹੀਂ