ਪੰਨਾ:ਹੀਰ ਵਾਰਸਸ਼ਾਹ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)

ਪਹਿਲਾ ਕੌਲ ਹੀ ਤੋਲਕੇ ਬੋਲਣਾ ਸੀ ਹੋਯਾ ਕਿਸ ਤੋਂ ਇਹ ਨੁਕਸਾਨ ਕਾਜ਼ੀ
ਇੱਕ ਮਾਉਂ ਤੇ ਬਾਪ ਉਦਾੜ ਕਰਦੇ ਦੂਜਾ ਤੂੰ ਹੈਂ ਵਿਚ ਸ਼ੈਤਾਨ ਕਾਜ਼ੀ
ਇਹ ਸ਼ੋਰ ਕਿਸ ਆਖ ਸਮੇਟਣਾ ਈਂ ਜੇੜ੍ਹਾ ਖਿੰਡਿਆ ਵਿੱਚ ਜਹਾਨ ਕਾਜ਼ੀ
ਰਾਂਝੇ ਯਾਰ ਤੋਂ ਮੁੱਖ ਨਾ ਮੂਲ ਮੋੜਾਂ ਜਿਚਰ ਹਡਾਂ ਦੇ ਵਿੱਚ ਹੈ ਜਾਨ ਕਾਜ਼ੀ
ਵਾਰਸਸ਼ਾਹ ਪਨਾਹ ਹੋਰ ਢਾਹ ਬੈਠੀ ਇਕੋ ਤੱਕੀਆ ਰੱਬ ਰਹਿਮਾਨ ਕਾਜ਼ੀ

ਕਲਾਮ ਕਾਜ਼ੀ

ਕਾਜ਼ੀ ਆਖਦਾ ਫੇਰ ਲਾਚਾਰ ਹੋ ਕੇ ਪੈਰ ਰੱਖ ਤੂੰ ਵੇਖ ਕੇ ਥਾਂ ਹੀਰੇ
ਕਰਾਂ ਖੌਫ ਖੁਦਾਇ ਦਾ ਡਰਾਂ ਮੋਈਏ ਨਹੀਂ ਡੱਕਰੇ ਵੱਢ ਕੇ ਖ਼ਾਂ ਹੀਰੇ
ਦੁਰ੍ਰੇ ਸ਼ਰਹ ਦੇ ਮਾਰ ਉਧੇੜ ਦੇਵਾਂ ਕਰਾਂ ਉਮਰ ਖਿਤਾਬ ਦਾ ਨਿਆਂ ਹੀਰੇ
ਘੱਤ ਕੱਖਾਂ ਦੇ ਵਿੱਚ ਮੈਂ ਸਾੜ ਸੁੱਟਾਂ ਤੈਨੂੰ ਵੇਖਸੀ ਪਿੰਡ ਗਰਾਂ ਹੀਰੇ
ਖੇੜੇ ਕਰੀਂ ਕਬੂਲ ਜੇ ਖੈਰ ਚਾਹੇਂ ਛੱਡ ਚਾਕ ਰੰਝੇਟੇ ਦਾ ਨਾਂ ਹੀਰੇ
ਅਖੀਂ ਮੀਟ ਕੇ ਵਕਤ ਲੰਘਾ ਮੋਈਏ ਇਹ ਜੋਬਨਾ ਬੱਦਲਾਂ ਛਾਂ ਹੀਰੇ
ਮੇਰਾ ਆਖਣਾ ਜੇ ਕਬੂਲ ਕਰਸੇਂ ਸ਼ਾਬਾ ਹੋਸੀਆ ਜੱਗ ਵਿਚ ਤਾਂ ਹੀਰੇ
ਵਾਰਸਸ਼ਾਹ ਹੁਣ ਆਸਰਾ ਰੱਬ ਦਾ ਏ ਜਦੋਂ ਵਿੱਟਰੇ ਬਾਪ ਤੇ ਮਾਂ ਹੀਰੇ

ਕਲਾਮ ਹੀਰ

ਹੀਰ ਆਖਦੀ ਏ ਮੀਆਂ ਕਾਜ਼ੀਆ ਵੇ ਕਿਉਂ ਛੇੜਨੈਂ ਸ਼ਿਰਕ ਸ਼ਰਾਰਿਆਂ ਨੂੰ
ਦਰਸ ਇਸ਼ਕ ਦੀ ਵਾਕਫ਼ੀ ਨਹੀਂ ਓਹਨਾਂ ਤੋਤੇ ਵਾਂਗ ਜੋ ਪੜ੍ਹਨ ਸਪਾਰਿਆਂ ਨੂੰ
ਰਲੇ ਦਿਲਾਂ ਨੂੰ ਪਕੜ ਵਿਛੋੜ ਦੇਂਦੇ ਬੁਰੀ ਬਾਣ ਹੈ ਤਿਨਾਂ ਹਤਿਆਰਿਆਂ ਨੂੰ
ਖਾਵਣ ਵੱਢੀਆਂ ਨਿੱਤ ਈਮਾਨ ਵੇਚਣ ਇਹੋ ਮਾਰ ਹੈ ਕਾਜ਼ੀਆਂ ਸਾਰਿਆਂ ਨੂੰ
ਰਾਹ ਸੱਚ ਦੇ ਤੋਂ ਕਰ ਕੇ ਤਰਕ ਕਾਜ਼ੀ ਕਰੇਂ ਕੂੜ ਦੇ ਐਡ ਪਸਾਰਿਆਂ ਨੂੰ
ਝੂਠ ਸਾੜਦਾ ਚਾ ਈਮਾਨ ਨੂੰ ਜੀ ਜੇਹੀ ਅੱਗ ਸਾੜੇ ਕੱਖਾਂ ਸਾਰਿਆਂ ਨੂੰ
ਨਿਤ ਸ਼ਰਹ ਦੇ ਫ਼ਿਕਰ ਗ਼ਲਤਾਨ ਰਹਿੰਦੇ ਇਹੋ ਸ਼ਾਮਤ ਹੈ ਰੱਬ ਦੇ ਮਾਰਿਆਂ ਨੂੰ
ਜਿਸ ਤੋਂ ਲੈਂਵਦੇ ਓਸਦੀ ਗੱਲ ਕਰਦੇ ਰੱਬ ਮਾਰਿਆ ਇਨ੍ਹਾਂ ਹਤਿਆਰਿਆਂ ਨੂੰ
ਰੱਬ ਦੋਜ਼ਖਾਂ ਨੂੰ ਭਰੇ ਪਾ ਬਾਲਣ ਕੇਹਾ ਦੋਸ਼ ਹੈ ਇਨ੍ਹਾਂ ਵਿਚਾਰਿਆਂ ਨੂੰ
ਵਾਰਸਸ਼ਾਹ ਮੀਆਂ ਬਣੀ ਬਹੁਤ ਔਖੀ ਨਹੀਂ ਜਾਣਦੇ ਸਾਂ ਇਨ੍ਹਾਂ ਕਾਰਿਆਂ ਨੂੰ
ਜੇਹੜੇ ਸ਼ਰਹ ਦੇ ਹੁਕਮ ਤੇ ਰਹਿਣ ਸਾਬਤ ਘੱਤ ਵਿੱਚ ਬਹਿਸ਼ਤ ਦੇ ਪਾਈਅਨ ਗੇ
ਜੇੜ੍ਹੇ ਮਾਉਂ ਤੇ ਬਾਪ ਦਾ ਹੁਕਮ ਮੰਨਣ ਅਠ ਬਹਿਸ਼ਤ ਭੀ ਉਨ੍ਹਾਂ ਨੂੰ ਚਾਹੀਅਨ ਗੇ
ਜਿਨ੍ਹਾਂ ਰੱਦ ਕੀਤਾ ਕੌਲ ਸ਼ਰਹ ਤਾਈਂ ਉਹ ਦੋਜ਼ਖਾਂ ਦੇ ਵਿੱਚ ਦਾਹੀਅਨ ਗੇ
ਵਾਰਸ ਮੰਨ ਤੂੰ ਆਖਿਆ ਅਸਾਂ ਦਾ ਨੀ ਨਹੀਂ ਖੱਲ ਉਲਟੀ ਤੇਰੀ ਲਾਹੀਅਨ ਗੇ