ਪੰਨਾ:ਹੀਰ ਵਾਰਸਸ਼ਾਹ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)

ਤਥਾ

ਕਜਾ ਵਕਤ ਨਾ ਕਿਸੇ ਨੇ ਸਾਥ ਰਲਣਾ ਖ਼ਾਲੀ ਦਸਤ ਜੇਬਾਂ ਸਭ ਝਾੜੀਅਨ ਗੇ
ਜਿਹੜੇ ਛੱਡ ਕੇ ਰਾਹ ਹਲਾਲ ਦੇ ਨੂੰ ਤਕਣ ਨਜ਼ਰ ਹਰਾਮ ਦੀ ਮਾਰੀਅਨ ਗੇ
ਕਬਰ ਵਿੱਚ ਬਹਾ ਕੇ ਮਾਰ ਗੁਰਜਾਂ ਸਭੇ ਪਾਪ ਤੇ ਪੁੰਨ ਨਿਤਾਰੀਅਨ ਗੇ
ਦੁਨੀਆ ਉਤੇ ਬੀ ਰੂਹ ਸਿਆਹ ਉਸਦਾ ਆਕਬੱਤ ਨੂੰ ਖੂਬ ਸਵਾਰੀਅਨ ਗੇ
ਰੋਜ਼ ਹਸ਼ਰ ਦੇ ਇਹ ਗੁਨਾਹਗਾਰ ਸੱਭੇ ਘੱਤ ਅੱਗ ਦੇ ਵਿੱਚ ਨਘਾਰੀਅਨ ਗੇ
ਵਾਰਸਸ਼ਾਹ ਇਹ ਉਮਰ ਦੇ ਲਾਲ ਮੋਹਰੇ ਇਕ ਰੋਜ਼ ਨੂੰ ਆਕਬਤ ਹਾਰੀਅਨ ਗੇ

ਕਲਾਮ ਹੀਰ

ਜੇਹੜੇ ਜਾਹਿਲ ਤੇ ਪੁਰ ਤਕਸੀਰ ਕਾਜ਼ੀ ਓਨ੍ਹਾਂ ਆਸਰਾ ਰੱਬ ਦਾ ਰੱਖਣਾ ਏਂ
ਪੜ੍ਹਨ ਇਲਮ ਤੇ ਅਮਲ ਨਾ ਕਰਨ ਜਿਹੜੇ ਵਾਂਗ ਢੋਲ ਦੇ ਬੋਲ ਜੋ ਸੱਖਣਾ ਏਂ
ਜੇੜ੍ਹੇ ਸੱਚਿਆਂ ਨੂੰ ਕਰਨ ਚਾ ਝੂਠੇ ਤਿਨ੍ਹਾਂ ਦੋਜ਼ਖਾਂ ਦਾ ਦੁੱਖ ਚੱਖਣਾ ਏਂ
ਖੂਹੇ ਵੇਲ ਦੇ ਵਿਚ ਉਹ ਲਾਹੀਅਨਗੇ ਵੱਢ ਸੱਪ ਅਠੂਹਿਆਂ ਨੇ ਭੱਖਣਾ ਏਂ
ਏਸ ਜਿਦ ਦਾ ਕੁਝ ਸੁਆਦ ਨਾਹੀਂ ਐਵੇਂ ਖ਼ਾਕ ਦਾ ਬੁੱਕ ਕਿਉਂ ਫੱਕਣਾ ਏਂ
ਵਾਰਸਸ਼ਾਹ ਇਸ ਜੱਗ ਜਹਾਨ ਉਤੋਂ ਅਸਾਂ ਇਸ਼ਕ ਦੇ ਹਰਫ਼ ਨੂੰ ਲੱਖਣਾ ਏਂ

ਕਲਾਮ ਕਾਜ਼ੀ

ਮੈਨੂੰ ਦਸ ਕਿਸ ਬੱਧਾ ਨਿਕਾਹ ਤੇਰਾ ਕੌਣ ਵਾਹਦ ਤੇ ਕੌਣ ਵਕੀਲ ਹੈ ਨੀ
ਬਿਨਾਂ ਸ਼ਰਹ ਦੇ ਰਵਾਂ ਨਿਕਾਹ ਨਾਹੀਂ ਇਹ ਤਾਂ ਸ਼ਰਹ ਦੀ ਖਾਸ ਦਲੀਲ ਹੈ ਨੀ
ਦੇਣ ਝੂਠ ਦੀ ਖਬਰ ਅਗੰਮ ਵਾਹੀਂ ਨੱਸ ਫਿੱਕਾ ਦੇ ਵਿੱਚ ਜਲੀਲ ਹੈ ਨੀ
ਇਹ ਸ਼ਰਹ ਸਰਪੋਸ਼ ਹੈ ਸਭ ਫਿਰਕਾ ਰੱਦ ਹੋਏ ਨੂੰ ਨਾਂਹ ਸਬੀਲ ਹੈ ਨੀ
ਸ਼ਰਹ ਪਕੜ ਚੜ੍ਹਾਇਆ ਚਾ ਸੂਲੀ ਮਨਸੂਰ ਜੋ ਮਰਦ ਅਸੀਲ ਹੈ ਨੀ
ਰਾਂਝਾ ਬਾਝ ਨਕਾਹ ਦੇ ਬੱਧਿਆਂ ਦੇ ਕੌਣ ਕਹੇ ਦਰੁੱਸਤ ਤਮਸੀਲ ਹੈ ਨੀ
ਜੇੜ੍ਹੇ ਰਾਹ ਖੁਦਾਈ ਦਾ ਨਾਂਹ ਜਾਣਨ ਲੋਕ ਓਸ ਨੂੰ ਕਹਿਣ ਬਖੀਲ ਹੈ ਨੀ
ਵਾਰਸਸ਼ਾਹ ਕਿਸ ਬੱਧਾ ਨਕਾਹ ਤੇਰਾ ਵਿੱਚ ਸ਼ਰਹ ਦੇ ਝੂਠ ਕਲੀਲ ਹੈ ਨੀ

ਕਲਾਮ ਹੀਰ

ਅਗੋਂ ਹੀਰ ਬੋਲੀ ਮੀਆਂ ਕਾਜ਼ੀਆ ਵੇ ਤੈਨੂੰ ਕਿਸ ਉਸਤਾਦ ਪੜ੍ਹਾਇਆ ਏ
ਤੈਨੂੰ ਸ਼ਰਹ ਸ਼ਰੀਫ ਦੀ ਖਬਰ ਨਾਹੀਂ ਸੱਚ ਆਖ ਕੀ ਰੱਬ ਭੁਲਾਇਆ ਏ
ਮੂਜਬ ਸ਼ਰਹ ਦੇ ਝੱਲੀ ਮਨਸੂਰ ਸੂਲੀ ਸ਼ਾਹ ਸ਼ੰਮਸ ਨੇ ਚੰਮ ਲੁਹਾਇਆ ਏ
ਕਾਜੀ ਮਸਲਿਆਂ ਤੋਂ ਤੂੰ ਤਾਂ ਹੈਂ ਝੂਠਾ ਤੈਨੂੰ ਖੋਲ੍ਹ ਕੇ ਆਖ ਸੁਣਾਇਆਂ ਏ
ਸੁਣ ਕਾਜ਼ੀਆ ਪਤਾ ਨਕਾਹ ਦਾ ਜੀ ਅਸਾਂ ਸੱਚ ਦਾ ਸੁਖਨ ਅਲਾਇਆ ਦੇ
ਨੀਯਤ ਐਨ ਹਲਾਲ ਹੈ ਆਸ਼ਕਾਂ ਦੀ ਲਫਜ਼ ਗ਼ੈਨ ਦਾ ਜਿਨ੍ਹਾਂ ਉਡਾਇਆ ਏ