ਪੰਨਾ:ਹੀਰ ਵਾਰਸਸ਼ਾਹ.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੯੬)

ਅਸੀਂ ਫੇਰ ਨਮਾਜ਼ ਗੁਜਾਰ ਪੜ੍ਹੀਏ ਲਈਏ ਕੱਪੜੇ ਸੱਭ ਹੰਗਾਲ ਹੀਰੇ
ਰਾਂਝਾ ਬਾਝ ਨਕਾਹ ਦਾ ਬੱਧਿਆਂ ਦੇ ਤੈਨੂੰ ਕਿਉਂ ਕਰ ਹੋਗ ਹਲਾਲ ਹੀਰੇ
ਵਿੱਚ ਦੋਜ਼ਖਾਂ ਪਾਇਕੇ ਸਾੜਨੀਂਗੇ ਓਥੇ ਛੁੱਟਣਾ ਹੋਗ ਮੁਹਾਲ ਹੀਰੇ
ਵਾਰਸਸ਼ਾਹ ਦਾ ਆਖਿਆ ਮੰਨ ਲਏਂ ਜੇ ਹੋਸੈਂ ਆਕਬਾਤ ਵਿੱਚ ਨਿਹਾਲ ਹੀਰੇ

ਕਾਜ਼ੀ ਹੀਰ

ਕਰਨਹਾਰ ਕਰਤਾਰ ਨੂੰ ਯਾਦ ਕਰੀਏ ਜੈਂਦਾ ਨਾਮ ਹੈ ਪਾਕ ਅਲਾਹ ਕਾਜ਼ੀ
ਦੂਜਾ ਨਬੀ ਦੇ ਨਾਮ ਦਾ ਆਸਰਾ ਏ ਜਿਹੜਾ ਉਮਤ ਦਾ ਹੈ ਖੈਰ ਖਾਹ ਕਾਜ਼ੀ
ਰਜ਼ਾ ਹੱਕ ਦੀ ਆਸ਼ਕਾਂ ਮੰਨ ਲਈ ਤੱਕੀ ਹੋਰ ਨਾ ਕਿਤੇ ਪਨਾਹ ਕਾਜ਼ੀ
ਅਖਰ ਲੇਖ ਦੇ ਲਿਖੇ ਨਾ ਮੁੜਨ ਹਰਗਿਜ਼ ਕਿਉਂ ਹੋਨਾ ਏਂ ਸਮਝ ਗੁਮਰਾਹ ਕਾਜ਼ੀ
ਦੱਸ ਕੌਣ ਸਾਨੀ ਜਿਹੜਾ ਮੋੜ ਦੇਵੇ ਕੀਤੇ ਕੰਮ ਅੱਲਾ ਬਾਦਸ਼ਾਹ ਕਾਜ਼ੀ
ਜੇੜ੍ਹਾ ਲਿਖਿਆ ਸੀ ਮੇਰਾ ਬਿੱਧ ਮਾਤਾ ਦੁਨੀਆਵਿੱਚ ਮਿਲਿਆਂ ਨਾਲ ਚਾਅ ਕਾਜ਼ੀ
ਐਨ ਸ਼ੀਨ ਤੇ ਕਾਫ਼ ਦੀ ਚੜੀ ਰੰਗਣ ਜਿਨ੍ਹਾਂ ਰੰਗ ਦਿਤਾ ਵਾਹ ਵਾਹ ਕਾਜ਼ੀ
ਸਾਨੂੰ ਆਸਰਾ ਰੱਬ ਰਹੀਮ ਦਾ ਏ ਕਹਿੰਦਾ ਕੂਕ ਕੇ ਤੇ ਵਾਰਸਸ਼ਾਹ ਕਾਜ਼ੀ

ਕਾਜ਼ੀ ਕਾਜ਼ੀ

ਤਮਾਮ ਤਹਿਸੀਲ ਤਫ਼ਸੀਲ ਹਾਂ ਮੈਂ ਜੀਂਦੇ ਸੁਣੇ ਅਸੂਲ ਕੁਰਾਨ ਹੈ ਨੀ
ਨਾਮਾਕੂਲ ਜ਼ਬਾਨ ਥੀਂ ਹਰਫ਼ ਬੋਲੇਂ ਰਜਲੀ ਕੁੱਤੀ ਤੇ ਵੱਡੀ ਨਾਦਾਨ ਹੈ ਨੀ
ਜਿਨ੍ਹਾਂ ਗੈਰ ਦਲੀਲ ਤੇ ਕਦਮ ਰੱਖੇ ਬਖਤਾ ਨਸਰ ਤੇ ਹੋਰ ਸ਼ੈਤਾਨ ਹੈ ਨੀ
ਸ਼ਰਹ ਨਬੀ ਦੇ ਨਾਲ ਨਾ ਬੰਨ੍ਹ ਝੇੜਾ ਇੰਞ ਕਰੇ ਨਾ ਕੋਈ ਇਨਸਾਨ ਹੈ ਨੀ
ਮਾਉਂ ਬਾਪ ਦੇ ਸਾਹਮਣੇ ਬੋਲਨੀ ਏਂ ਕਿਸੇ ਘੱਤਿਆ ਤੈਨੂੰ ਮਸਾਨ ਹੈ ਨੀ
ਵਾਰਸਸ਼ਾਹ ਉਸਤਾਦ ਨੂੰ ਨਿੰਦਨੀ ਏਂ ਤੈਨੂੰ ਲਗਾ ਕੀ ਜਿੰਨ ਤੁਫਾਨ ਹੈ ਨੀ

ਕਾਜ਼ੀ ਹੀਰ

ਹੈ ਤਮਾਮ ਤਸੀਲ ਜਹਾਨ ਅੰਦਰ ਅਬੂ ਸ਼ਮ੍ਹਾਂ ਤੇ ਦੋਇਮ ਸ਼ੈਤਾਨ ਹੈਂ ਵੇ
ਇਹਨਾਂ ਦੋਹਾਂ ਵਿਚੋਂ ਤੂੰ ਤਾਂ ਨਹੀਂ ਕਾਜ਼ੀ ਕੋਈ ਜਿੰਨ ਤੇ ਭੂਤ ਤੁਲਾਨ ਹੈਂ ਵੇ
ਤੈਨੂੰ ਨੱਸ ਹਦੀਸ ਦੀ ਖ਼ਬਰ ਨਾਹੀਂ ਝਗੜੇ ਵਾਸਤੇ ਬੁਰਾ ਹੈਵਾਨ ਹੈਂ ਵੇ
ਵਾਰਸਸ਼ਾਹ ਸ਼ਿਕਾਰ ਨੂੰ ਫਿਰੇਂ ਭੌਂਦਾ ਵਿੱਚ ਦੌਲਤਾਂ ਬੜਾ ਮਸਤਾਨ ਹੈਂ ਵੇ

ਤਥਾ

ਕਾਜ਼ੀ ਗਲ ਸਮ੍ਹਾਲਕੇ ਬੋਲ ਮੂੰਹੋਂ ਜਾਵੇ ਜਾਨ ਨਾ ਰਾਂਝੇ ਤੋਂ ਮੁੜਾਂ ਵਾਰੀ
ਮਸਲੇ ਜਾ ਸੁਣਾ ਤੂੰ ਉਨਾਂ ਤਾਈਂ ਜਿਹੜੀਆਂ ਸੁਣਦੀਆਂ ਨੇ ਤੇਰੀ ਗੱਲ ਵਾਰੀ
ਜੀਉਂਦੇ ਜੀ ਨਾ ਕਰਾਂ ਕਬੂਲ ਖੇੜਾ ਭਾਵੇਂ ਦੇਹ ਨਸੀਹਤਾਂ ਲੱਖ ਵਾਰੀ
ਬੇਪਰਵਾਹੀਆਂ ਰੱਬ ਦੀਆਂ ਵੇਖ ਮੀਆਂ ਕਰੇ ਲੱਖ ਉਤੋਂ ਚਾ ਕੱਖ ਵਾਰੀ