ਪੰਨਾ:ਹੀਰ ਵਾਰਸਸ਼ਾਹ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਜੀਊਣ ਮਰਨ ਦਾ ਖੌਫ਼ ਨਾ ਆਸ਼ਕਾਂ ਨੂੰ ਜਿਨ੍ਹਾਂ ਮੰਨੀ ਰਜ਼ਾ ਜੋ ਹੋਣ ਹਾਰੀ
ਖ਼ਾਲੀ ਹੱਥ ਆਇਆ ਅਤੇ ਜਾਇ ਖ਼ਾਲੀ ਵਾਰਸਸ਼ਾਹ ਜੋ ਅਸਲ ਥੀਂ ਮੁੜੇ ਵਾਰੀ

ਕਲਾਮ ਮਹਿਰਮ ਚੂਚਕ ਕਾਜ਼ੀ ਨਾਲ

ਚੂਚਕ ਆਖਦਾ ਕਾਜ਼ੀਆ ਸੁਣੀ ਮੈਥੋਂ ਮੈਨੂੰ ਪੁੱਧ ਥੀਂ ਕੰਮ ਵਧੀਕ ਮੀਆਂ
ਜੰਞ ਖੇੜਿਆਂ ਦੀ ਬੂਹੇ ਆਣ ਬੈਠੀ ਲਗੇ ਬਹੁਤ ਮੈਨੂੰ ਏਹਾ ਲੀਕ ਮੀਆਂ
ਖੜਾ ਪੁਛਦਾ ਜੱਗ ਜਹਾਨ ਸਾਰਾ ਅਤੇ ਬਾਹਰ ਦੇ ਕੁੱਲ ਸ਼ਰੀਕ ਮੀਆਂ
ਵਾਰਸ ਦਿਆਂ ਤੈਨੂੰ ਜੋ ਕੁਝ ਮੰਗਸੇਂਗਾ ਕਰੇਂ ਗੱਲ ਮੇਰੀ ਹੁਣ ਜੇ ਠੀਕ ਮੀਆਂ

ਕਲਾਮ ਕਾਜ਼ੀ ਚੂਚਕ ਨਾਲ

ਕਾਜ਼ੀ ਆਖਦਾ ਚੂਚਕਾ ਸੁਣੀਂ ਮੈਥੋਂ ਦਗ਼ੇ ਬਾਝ ਨਾ ਹੋਵਸੀ ਕੰਮ ਤੇਰਾ
ਇਹ ਤਾਂ ਜਾਣਦੀ ਪੇਚਦਰ ਪੇਚ ਜਿਰਹ ਕੋਈ ਕਰੇ ਨਾਹੀਂ ਸੁਖ਼ਨ ਅਸਰ ਮੇਰਾ
ਜ਼ਬਰਦੱਸਤ ਦਾ ਰਾਹ ਨਿਆਰੜਾ ਏ ਕਰਦਾ ਖੌਫ਼ ਹੈ ਪੀਰ ਫ਼ਕੀਰ ਜਿਹੜਾ
ਚੋਰੀ ਚੋਰੀ ਸਮਝਾ ਵਕੀਲ ਤਾਈਂ ਦਗ਼ੇਬਾਜ਼ੀਆਂ ਨਾਲ ਚਾ ਭਰੇ ਬੇੜਾ
ਝੂਠ ਮੂਠ ਦਾ ਕੌਲ ਇਕਰਾਰ ਕਰਕੇ ਬੰਨ੍ਹ ਅਕੁਦ ਚੁਕਾਈਏ ਚਾ ਝੇੜਾ
ਬਿਨਾਂ ਪੁਛਿਆਂ ਪੜ੍ਹੇ ਨਕਾਹ ਕਾਜ਼ੀ ਦਸੋ ਹੀਰ ਨਮਾਣੀ ਦਾ ਦੋਸ਼ ਕਿਹੜਾ
ਕਰਨ ਖੌਫ਼ ਖੁਦਾਅ ਦਾ ਮੂਲ ਨਾਹੀਂ ਕਾਜ਼ੀ ਖਾਣ ਹਰਾਮ ਦਾ ਲੌਣ ਬੇਰਾ
ਵਾਰਸਸ਼ਾਹ ਨਾ ਰਵਾਂ ਨਮਾਜ਼ ਰੋਜਾ ਹੱਕਦਾਰ ਨੂੰ ਕਹੇ ਨਿਹੱਕ ਜਿਹੜਾ

ਕਲਾਮ ਹੀਰ ਕਾਜ਼ੀ ਨਾਲ

ਹੀਰ ਆਖਿਆ ਕਾਜ਼ੀਆ ਦਗ਼ਾ ਕੀਤੋ ਕੀ ਵੱਟਣਾ ਏਸ ਜਹਾਨ ਤੋਂ ਜੀ
ਬਿਨਾਂ ਪੁੱਛਿਆਂ ਪੜ੍ਹੇ ਨਕਾਹ ਮੇਰਾ ਇਹ ਫ਼ੱਤਵਾ ਨਹੀਂ ਕੁਰਾਨ ਤੋਂ ਜੀ
ਲੈ ਕੇ ਰਿਸ਼ਵਤਾਂ ਕਰੇਂ ਖੁਸ਼ਾਮਦਾਂ ਨੂੰ ਨਹੀਂ ਸੰਗਦਾ ਰੱਬ ਬਰਹਾਨ ਤੋਂ ਜੀ
ਝੂਠੀ ਦੁਨੀਆ ਤੇ ਸ਼ਾਹ ਗੁਮਾਨ ਝੂਠਾ ਕਿਉਂ ਕਿਰਨਾ ਏਂ ਤੂੰ ਈਮਾਨ ਤੋਂ ਜੀ
ਜਿਹਾ ਕੀਤੋ ਈ ਮਿਲਗ ਸਜਾ ਤੈਨੂੰ ਪਾਵੇਂ ਬੱਦਲਾ ਰੱਬ ਰਹਿਮਾਨ ਤੋਂ ਜੀ
ਵਾਰਸਸ਼ਾਹ ਕੁਝ ਅਮਲ ਕਮਾ ਚੰਗਾ ਔਂਤਰ ਜਾਵੇਂਗਾ ਏਸ ਜਹਾਨ ਤੋਂ ਜੀ

ਕਲਾਮ ਕਾਜ਼ੀ ਚੂਚਕ ਨਾਲ

ਕਾਜ਼ੀ ਆਖਦਾ ਚੂਚਕਾ ਝੱਬ ਹੋ ਤੂੰ ਸੱਦ ਖੇਸ ਕਬੀਲੜਾ ਲਿਆਵਣਾ ਈਂ
ਲੈ ਸੱਦ ਗਵਾਹ ਵਕੀਲ ਤਾਈਂ ਅਸੀਂ ਸ਼ਰਹ ਦਾ ਅਕੁਦ ਬੰਨ੍ਹਾਵਣਾ ਈਂ
ਡਿੰਗੀ ਲਕੜੀ ਦੇ ਨਾਲ ਡਿੰਗ ਸਾਡਾ ਅਸਾਂ ਡਿੰਗ ਤੋਂ ਡਿੰਗ ਕਢਾਵਣਾ ਈਂ
ਘੜੀ ਢਿੱਲ ਨਾ ਲਾਵਣੀ ਫੇਰ ਏਥੇ ਅਸਾਂ ਤੁਰਤ ਨਕਾਹ ਪੜ੍ਹਾਵਣਾ ਈਂ
ਰਾਂਝਾ ਨਾਲ ਤਕਦੀਰ ਤਗ਼ਯਰ ਹੋਯਾ ਏਥੇ ਨਵਾਂ ਫੌਜਦਾਰ ਬਹਾਵਣਾ ਈਂ
ਫ਼ਜ਼ਰ ਹੁੰਦੀ ਨੂੰ ਤਖ਼ਤ ਦਿਵਾ ਦੇਣਾ ਡੋਲੀ ਘੱਤ ਕਹਾਰ ਟੁਰਾਵਣਾ ਈਂ