ਪੰਨਾ:ਹੀਰ ਵਾਰਸਸ਼ਾਹ.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੦੧)

ਓਹ ਤਾਂ ਹੀਰ ਨੂੰ ਲੈ ਕੇ ਵੱਗ ਟੁਰੇ ਨਾਲ ਮਾਲ ਪਰਾਏ ਨਾ ਜ਼ੋਰ ਮੀਆਂ
ਹੀਰ ਖੇੜਿਆਂ ਨਾਲ ਨਾ ਟੁਰੇ ਮੂਲੇ ਪਿਆ ਪਿੰਡ ਦੇ ਵਿੱਚ ਇਹ ਸ਼ੋਰ ਮੀਆਂ
ਸ਼ਾਹ ਕਰਨ ਆਮਲ ਮਿੰਨਤਦਾਰ ਹੋਯਾ ਹੋਰ ਲਾ ਥੱਕੇ ਸਭੇ ਜ਼ੋਰ ਮੀਆਂ
ਹੀਰ ਰੋਂਦੜੀ ਧੋਂਂਦੜੀ ਚੜ੍ਹੀ ਡੋਲੀ ਟੁਰੀ ਪੀਰ ਫ਼ਕੀਰ ਨੂੰ ਸ਼ੋਰ ਮੀਆਂ
ਖੇੜੇ ਹੀਰ ਨੂੰ ਘਿੰਨਕੇ ਰਵਾਂ ਹੋਏ ਜਿਵੇਂ ਮਾਲ ਨੂੰ ਲੈ ਵਗੇ ਚੋਰ ਮੀਆਂ
ਵਾਰਸਸ਼ਾਹ ਮੀਆਂ ਹੱਕ ਰਾਂਝਣੇ ਦਾ ਖੇੜੇ ਲੈ ਗਏ ਜ਼ੋਰ-ਬੇ-ਜ਼ੋਰ ਮੀਆਂ

ਹੀਰ ਨੇ ਡੋਲੀ ਚੜ੍ਹਦਿਆਂ ਫਰਿਆਦ ਕਰਨੀ

ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ ਮੈਨੂੰ ਲੈ ਚਲੇ ਬਾਬਲਾ ਲੈ ਚਲੇ ਵੇ
ਮੈਨੂੰ ਰੱਖ ਲੈ ਬਾਬਲਾ ਹੀਰ ਆਖੇ ਡੋਲੀ ਘੱਤ ਕਹਾਰ ਨੀ ਲੈ ਚਲੇ ਵੇ
ਮੇਰਾ ਆਖਿਆ ਕਦੀ ਨਾ ਮੋੜਦਾ ਸੈਂ ਉਹ ਸਮੇਂ ਬਾਬਲ ਕਿਥੇ ਗਇ ਚਲੇ ਵੇ
ਤੇਰੀ ਛਤਰ ਛਾਵੇਂ ਬਾਬਲ ਰੁੱਖ ਵਾਂਗੂੰ ਘੜੀ ਵਾਂਗ ਮੁਸਾਫ਼ਰਾਂ ਬਹਿ ਚਲੇ ਵੇ
ਦਿਨ ਚਾਰ ਨਾ ਰੱਜ ਆਰਾਮ ਪਾਇਆ ਦੁੱਖ ਦਰਦ ਮੁਸੀਬਤਾਂ ਸਹਿ ਚਲੇ ਵੇ
ਸਾਡਾ ਬੋਲਿਆ ਚਾਲਿਆ ਮਾਫ਼ ਕਰਨਾ ਪੰਜ ਰੋਜ਼ ਤੇਰੇ ਘਰ ਰਹਿ ਚਲੇ ਵੇ
ਲੈ ਵੇ ਰਾਂਝਿਆ ਰੱਬ ਨੂੰ ਸੌਂਪਿਓ ਤੂੰ ਅਸੀਂ ਜ਼ਾਲਮਾਂ ਦੇ ਵੱਸ ਪੈ ਚਲੇ ਵੇ
ਜਿਹੜੇ ਨਾਲ ਖਿਆਲ ਉਸਾਰਦੀ ਜਾਂ ਖਾਨੇ ਸੱਭ ਉਮੈਦ ਦੇ ਢਹਿ ਚਲੇ ਵੇ
ਅਸਾਂ ਵੱਤ ਨਾ ਆਇਕੇ ਖੇਡਣਾ ਈਂ ਬਾਜ਼ੀ ਇਸ਼ਕ ਵਾਲੀ ਕਰਕੇ ਤਹਿ ਚਲੇ ਵੇ
ਸੈਦੇ ਖੇੜੇ ਦੀ ਅੱਜ ਮਕਾਣ ਹੋਈ ਰੋਣ ਪਿਟਣ ਕਰਦੇ ਹਾਏ ਹੈ ਚਲੇ ਵੇ
ਚਾਰੇ ਕੰਨੀਆਂ ਮੇਰੀਆਂ ਵੇਖ ਖਾਲੀ ਅਸੀਂ ਨਾਲ ਨਹੀਓਂ ਕੁਝ ਲੈ ਚਲੇ ਵੇ
ਕੁੜੀ ਦੁਨੀਆ ਤੇ ਸ਼ਾਨ ਗੁਮਾਨ ਕੂੜਾ ਵਾਰਸਸ਼ਾਹ ਹੋਰੀਂ ਸੱਚ ਕਹਿ ਚਲੇ ਵੇ

ਰੋਣਾ ਅਤੇ ਫਰਿਆਦ ਕਰਨਾ ਹੀਰ ਦਾ ਡੋਲੀ ਚੜ੍ਹਣ ਵੇਲੇ

ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ ਮੈਂ ਘੁਮਾਈ ਰੰਝੇਟਿਆ ਸਾਈਆਂ ਵੇ
ਬਿਨਾਂ ਅਜ਼ਲ ਅਪੁੱਠੜੀ ਛੁਰੀ ਕੁੱਠੀ ਇਨ੍ਹਾਂ ਕਾਜ਼ੀਆਂ ਵਡ ਕਸਾਈਆਂ ਵੇ
ਰਹੀ ਸੁੱਧ ਨਾ ਕੁਝ ਸਹੇਲੀਆਂ ਦੀ ਟੁਰਦੀ ਵਾਰ ਨਾ ਹਥੀਂ ਮਿਲਾਈਆਂ ਵੇ
ਰਖੀ ਅੱਜ ਅਜੋਕੜੀ ਰਾਤ ਬਾਬਲ ਗਾਵਣ ਮਾਸੀਆਂ ਫੁਫੀਆਂ ਤਾਈਆਂ ਵੇ
ਇਨ੍ਹਾਂ ਰੂਹ ਦੇ ਜਿਵੇਂ ਕਲਬੂਤ ਤੁਰਿਆ ਮੇਰੇ ਬਾਬ ਤਕਦੀਰ ਲਿਖਾਈਆਂ ਵੇ
ਇਨ੍ਹਾਂ ਲੱਗਿਆਂ ਲਾਣਿਆਂ ਸਕਿਆਂ ਨੇ ਨਾਲ ਧੱਕਿਆਂ ਲੜੀ ਪਾਈਆਂ ਵੇ
ਅੱਜ ਦੌਲਤਾਂ ਤੇਰੀਆਂ ਲੁੱਟ ਲਈਆਂ ਕਰਕੇ ਖੇੜਿਆਂ ਦੁਸ਼ਮਨਾਂ ਧਾਈਆਂ ਵੇ
ਹੋਯਾ ਤਖਤ ਹਜ਼ਾਰਾ ਤੇ ਝੰਗ ਸੁੰਞਾ ਮਿਲਣ ਰੰਗਪੁਰ ਵਿੱਚ ਵਧਾਈਆਂ ਵੇ
ਤੈਨੂੰ ਅਜ ਸਿਆਲਾਂ ਦੇ ਦਗੇ ਬਾਜ਼ਾਂ ਗਿਣਕੇ ਦਿੱਤੀਆਂ ਸਭ ਚਰਾਈਆਂ ਵੇ