ਪੰਨਾ:ਹੀਰ ਵਾਰਸਸ਼ਾਹ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੩)

ਦਸ ਏਸ ਵੇਲੇ ਮਦਦ ਕਰਨ ਕਿਹੜੇ ਜਿਨ੍ਹਾਂ ਮੰਨੀਆਂ ਆਪ ਰਜ਼ਾਈਆਂ ਵੇ
ਜੀ ਵਿੱਚ ਧਰਵਾਸ ਸੀ ਰਹਿਮਤਾਂ ਦਾ ਘਟਾ ਕਹਿਰ ਦੀਆਂ ਰੱਬ ਵਸਾਈਆਂ ਵੇ
ਮੰਗਾਂ ਰੱਬ ਤੋਂ ਰਾਂਝਿਆ ਖੈਰ ਤੇਰੀ ਲੱਖ ਆਫ਼ਤਾਂ ਹੋਣ ਬਲਾਈਆਂ ਵੇ
ਲੁਕਮੇ ਖਾਣ ਕਾਰਨ ਇਨ੍ਹਾਂ ਜਾਂਞੀਆਂ ਨੇ ਕਲ੍ਹੇ ਮੱਠੀਆਂ ਪੜੀ ਵਿੱਚ ਪਾਈਆਂ ਵੇ
ਡੋਲੀ ਚਾ ਕਹਾਰ ਉਲਾਰ ਟੁਰੇ ਲੜੀ ਯਰਦ ਦੀ ਚੀਕੀਆਂ ਬਾਈਆਂ ਵੇ
ਓਥੇ ਰੱਬ ਦੇ ਬਾਝ ਨਾ ਕੋਈ ਸਾਥੀ ਦੇ ਕੇ ਮਾਪਿਆਂ ਦਾਜ ਵਿਹਾਈਆਂ ਵੇ
ਮੀਆਂ ਇੱਕ ਇਕ ਲੜੀ ਵਿਦਾ ਕੀਤੀ ਕਲਮਾ ਨਬੀ ਦੇ ਨਾਲ ਹਮਰਾਈਆਂ ਵੇ
ਗਲਾਂ ਦਿਲਾਂ ਦੀਆਂ ਦਿਲਾਂ ਦੇ ਵਿੱਚ ਰਹੀਆਂ ਹੋਈਆਂ ਸੋ ਜੋ ਰੱਬ ਨੂੰ ਭਾਈਆਂ ਵੇ
ਵਾਰਸਸ਼ਾਹ ਤੇ ਰਾਂਝਣੇ ਸੋਗ ਹੋਯਾ ਖੁਸ਼ੀ ਖੇੜਿਆਂ ਲਾਗੀਆਂ ਨਾਈਆਂ ਵੇ

ਕਲਾਮ ਸ਼ਾਇਰ

ਮਹੀਂ ਟੁਰਨ ਨਾ ਬਾਝ ਰੰਝੇਟੜੇ ਦੇ ਭੁਏ ਹੋਇਕੇ ਪਿੰਡ ਪਹੁੰਚਾਇਆ ਨੇ
ਧੌਣ ਚਾਇਕੇ ਬੂਥੀਆਂ ਉਤਾਂਹ ਕਰਕੇ ਸ਼ੌਹ ਘਾਟ ਤੇ ਧੁੰਮਲਾ ਲਾਇਆ ਨੇ
ਮਾਰ ਚੁੰਗੀਆਂ ਲੋਕਾਂ ਨੂੰ ਢੁਡ ਮਾਰਨ ਭਾਂਡੇ ਭੰਨ ਕੇ ਸ਼ੋਰ ਘਤਾਇਆ ਨੇ
ਲੋਕਾਂ ਆਖਿਆ ਰਾਂਝੇ ਦੀ ਕਰੋ ਮਿੰਨਤ ਪੈਰ ਟੁੰਬਕੇ ਆਣ ਜਗਾਇਆ ਨੇ
ਚਸ਼ਮਾਂ ਪੈਰ ਦੀ ਖਾਕ ਦਾ ਲਾ ਮਥੇ ਵਾਂਗ ਸੇਵਕਾਂ ਸਖੀ ਬਣਾਇਆ ਨੇ
ਭੜਥੂ ਮਾਰਿਉ ਨੇ ਦਵਾਲੇ ਰਾਂਝਣੇ ਦੇ ਲਾਲ ਬੇਗ ਦਾ ਬੜਾ ਪੁਜਾਇਆ ਨੇ
ਪਕਵਾਨ ਤੇ ਪਿੰਨੀਆਂ ਰੱਖ ਅਗੇ ਭੋਲੂ ਰਾਮ ਨੂੰ ਖੁਸ਼ੀ ਕਰਾਇਆ ਨੇ
ਮਗਰ ਮਹੀਂ ਦੇ ਛੇੜ ਕੇ ਨਾਲ ਸ਼ਫ਼ਕਤ ਸਿਰ ਟੁੰਮਕੇ ਚਾ ਚਵਾਇਆ ਨੇ
ਵਾਹੋ ਦਾਹੀ ਚਲੇ ਰਾਤੋ ਰਾਤ ਖੇੜੇ ਜਾ ਕੇ ਦਾਇਰੇ ਦੇਂਹ ਚੜ੍ਹਾਇਆ ਨੇ
ਵਾਰਸਸ਼ਾਹ ਖੇੜੇ ਬਹੁਤ ਖੁਸ਼ੀ ਹੋਏ ਡੋਲਾ ਹੀਰ ਦਾ ਜਾਂ ਹੱਥ ਆਇਆ ਨੇ

ਜੰਞ ਦਾ ਮੁਕਾਮ ਕਰਨਾ

ਖੇੜੇ ਵੇਖ ਕੇ ਬਹੁਤ ਮਕਾਮ ਚੰਗਾ ਉਤਰ ਘੋੜਿਆਂ ਤੋਂ ਡੇਰਾ ਲਾਇਆ ਨੇ
ਬਹੁਤ ਖੁਸ਼ੀ ਹੋਏ ਲੁੱਡੀ ਮਾਰਦੇ ਨੇ ਨਾਲ ਸ਼ੌਕ ਦਾ ਮੁੱਜਰਾ ਕਰਾਇਆ ਨੇ
ਛਾਵੇਂ ਬੈਠ ਸਰਦਾਈਆਂ ਘੋਟੀਆਂ ਨੇ ਨਿੱਕੇ ਵੱਡੇ ਨੂੰ ਚਾ ਪਲਾਇਆ ਨੇ
ਵਾਰਸਸ਼ਾਹ ਰਾਂਝਾ ਪਰੇਸ਼ਾਨ ਬੈਠਾ ਉਹਨੂੰ ਕਿਸੇ ਨਾ ਮੂਲ ਬੁਲਾਇਆ ਨੇ
ਖੇੜੇ ਪਹੁੰਚ ਉਥੇ ਬਹੁਤ ਖੁਸ਼ੀ ਹੋਏ ਨੀਯਤ ਸੈਰ ਸ਼ਿਕਾਰ ਦੀ ਧਾਰਿਓ ਨੇ
ਇਕ ਦੂਏ ਨੂੰ ਦੱਸਦੇ ਵਰਜਸ਼ਾਂ ਨੇ ਤਰਕਸ਼ ਤੀਰ ਕਮਾਨ ਸਵਾਰਿਓ ਨੇ
ਮਗਰ ਹਰਨਾਂ ਦੇ ਘੋੜੇ ਦੁੜਾਇਓ ਨੇ ਆਪੋ ਆਪਣਾ ਜੋਸ਼ ਨਤਾਰਿਓ ਨੇ
ਇਕ ਮਾਰਨ ਬੰਦੂਕ ਨਿਸ਼ਾਨਿਆਂ ਨੂੰ ਇਕ ਚਿਲੇ ਕਮਾਨ ਨੂੰ ਚਾੜ੍ਹਿਓ ਨੇ