ਪੰਨਾ:ਹੀਰ ਵਾਰਸਸ਼ਾਹ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੪੍)

ਹਰਨ ਪਾੜ੍ਹੇ ਤੇ ਬਹੁਤ ਸ਼ਿਕਾਰ ਕੀਤੇ ਨਾਲ ਲੂੰਬੜੇ ਦੋ ਤਿੰਨ ਮਾਰਿਓ ਨੇ
ਵਾਰਸਸ਼ਾਹ ਕਬਾਬ ਭੁੰਨ ਖਾਂਵਦੇ ਨੇ ਹਿਸਾ ਹੀਰ ਦਾ ਤੁਰਤ ਨਿਤਾਰਿਓ ਨੇ

ਜੰਞ ਦਾ ਸ਼ਿਕਾਰ ਜਾਣਾ

ਹੀਰ ਵੇਖ ਕੇ ਜਾ ਮਕਾਨ ਖਾਲੀ ਮੀਏਂ ਰਾਂਝੇ ਨੂੰ ਤੁਰਤ ਬੁਲਾਉਂਦੀ ਏ
ਰਾਂਝੇ ਯਾਰ ਨੂੰ ਵਿੱਚ ਬਹਾ ਡੋਲੀ ਨਾਲ ਸ਼ੌਕ ਦੇ ਅੰਗ ਲਗਾਉਂਦੀ ਏ
ਖੇੜੇ ਵੇਖ ਕੇ ਤੇ ਕਹਿਰਵਾਨ ਹੋਏ ਹੀਰ ਹਾਰ ਨੂੰ ਤੋੜ ਵਖਾਉਂਦੀ ਏ
ਮਣਕੇ ਚੁੱਗਣੇ ਨੂੰ ਕੋਲ ਸਦਿਆ ਸੀ ਇਹ ਇਫਤਰਾ ਚਾ ਬਣਾਉਂਦੀ ਏ
ਲਾਈ ਫੁੱਲ ਦੀ ਛੋਟੀ ਜੇ ਕਿਸੇ ਇਸਨੂੰ ਜ਼ਹਿਰ ਖਾ ਮਰਾਂ ਇਹ ਸੁਣਾਉਂਦੀ ਏ
ਵਾਰਸ ਖੇੜਿਆਂ ਨੇ ਵੇਖ ਚੁੱਪ ਕੀਤੀ ਜੰਞ ਕੂਚ ਦਾ ਹੁਕਮ ਫੁਰਮਾਉਂਦੀ ਏ

ਖੇੜਿਆਂ ਦੀ ਜੰਞ ਰਵਾਨਾ ਹੋਣੀ

ਜੰਞ ਰਵਾਂ ਹੋ ਕੇ ਉਥੋਂ ਉੱਠ ਤੁਰੀ ਡੋਲਾ ਜਾਇਕੇ ਪਿੰਡ ਲੁਹਾਇਆ ਨੇ
ਅਗੋਂ ਲੈਣ ਆਈਆਂ ਸਈਆਂ ਵਹੁਟੜੀ ਨੂੰ ਜੇ ਤੁਧ ਆਂਦੜੀ ਵੇ ਮਲਾ ਗਾਇਓ ਨੇ
ਡੋਲਾ ਜਾ ਬੈਠਾ ਜਦ ਕੋਲ ਬੂਹੇ ਗੋੜੇ ਰੂੰ ਦੇ ਤੁਰਤ ਅਣਵਾਇਓ ਨੇ
ਮੰਗੇ ਪੰਜ ਪੈਸੇ ਰੋਕ ਲਾਗੀਆਂ ਨੇ ਤਲੀ ਹੀਰ ਦੀ ਹੇਠ ਟਕਾਇਓ ਨੇ
ਆਖਣ ਲੇਫ਼ ਤਲਾਈਆਂ ਟੰਗਣੇ ਭੀ ਮੁੰਡੇ ਪਿੰਡ ਦੇ ਮੰਗਣੇ ਚਾਇਓ ਨੇ
ਕੁੜੀਆਂ ਵਹੁਟੀ ਨੂੰ ਡੋਲਿਓਂ ਕੱਢ ਆਂਦਾ ਤੇਲ ਵਿੱਚ ਦਲੀਜ ਡੁਲ੍ਹਾਇਓ ਨੇ
ਪਾਣੀ ਵਾਰ ਪੀਤਾ ਸੱਸ ਹੀਰ ਦੀ ਨੇ ਸ਼ੁਕਰ ਰੱਬ ਦਾ ਮੂੰਹੋਂ ਅਖਾਇਓ ਨੇ
ਅਗੇ ਰਖ ਕੁਰਾਨ ਦੇ ਪੰਜ ਮੋਹਰਾਂ ਤੁਰਤ ਹੀਰ ਦਾ ਘੁੰਡ ਖੁਲ੍ਹਾਇਓ ਨੇ
ਕੁੜੀਆਂ ਵਹੁਟੀ ਨੂੰ ਕਿੜੇ ਤੇ ਲੈ ਆਈਆਂ ਦਵਾਲੇ ਹੀਰ ਦੇ ਝੁਰਮਟ ਪਾਇਓ ਨੇ
ਫੇਰ ਗੋਤ ਕੁਨਾਲੇ ਦਾ ਆਹਰ ਹੋਯਾ ਚੂਰੀ ਕੁੱਟਕੇ ਤੁਰਤ ਬਣਾਇਓ ਨੇ
ਵਿੱਚ ਘੱਤ ਪਰਾਤ ਦੇ ਘਿਉ ਚੂਰੀ ਅਗੇ ਹੀਰ ਦੇ ਆਣ ਧਰਾਇਓ ਨੇ
ਦੇ ਖਿੱਚੜੀ ਤੇ ਚੂਰੀ ਦੇ ਸੱਤ ਲੁਕਮੇਂ ਦੇਵਰ ਨੱਢੜਾ ਗੋਦ ਬਹਾਇਓ ਨੇ
ਪੰਜ ਮੋਹਰਾਂ ਭੀ ਹੀਰ ਦੇ ਹੱਥ ਦੇ ਕੇ ਤੁਰਤ ਵਹੁਟੀ ਦਾ ਘੁੰਡ ਲਹਾਇਓ ਨੇ
ਹਸਣ ਸੱਸ ਤੇ ਸਹਿਤੀ ਨਨਾਣ ਦੋਵੇਂ ਨਾਲੇ ਦਾਈ ਨੂੰ ਕੋਲ ਬਹਾਇਓ ਨੇ
ਦਾਈ ਲਾਗੀਆਂ ਦੀ ਕਰਨ ਟਹਿਲ ਖਿਦਮਤ ਰਾਂਝੇ ਵਲ ਧਿਆਨ ਜਾਂ ਆਇਓ ਨੇ
ਸਿਰੋਂ ਲਾਹ ਟਮਕ ਭੂਰਾ ਖੱਸ ਲਿਆ ਆਦਮ ਬਹਿਸ਼ਤ ਥੀਂ ਚਾ ਤਰ੍ਹਾਇਓ ਨੇ
ਮਾਂ ਸੈਦੇ ਦੀ ਪਾਸ ਗਵਾਂਢਣਾਂ ਨੇ ਝੁਰਮਟ ਆਣ ਮੁਬਾਰਕਾਂ ਪਾਇਓ ਨੇ
ਧੰਨ ਭਾਗ ਤੇਰੇ ਦਾਜ ਪਲੰਘ ਪੀੜੀ ਸਣੇ ਵਹੁਟੜੀ ਦੇਖ ਸਲ੍ਹਾਇਓ ਨੇ
ਜਿਹਾ ਪੁਤ ਸੀ ਰੱਬ ਨੇ ਨੂੰਹ ਦਿੱਤੀ ਬੂਹਾ ਅਜੂ ਦਾ ਖੂਬ ਸੁਹਾਇਓ ਨੇ