ਪੰਨਾ:ਹੀਰ ਵਾਰਸਸ਼ਾਹ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬)

ਟਿਕਾ ਬਿੰਦੜੀ ਫਬਦੇ ਨਾਲ ਲੂਹਲਾਂ ਵਾਂਗ ਮੋਰ ਦੇ ਪਾਇਲਾਂ ਪਾਉਂਦੀ ਮੈਂ
ਤੇਰੇ ਸ਼ੌਕ ਦੇ ਨਾਲ ਰੰਝੇਟਿਆ ਵੇ ਨਕ ਨਬ ਸੁਹਾਗ ਦੀ ਪਾਉਂਦੀ ਮੈਂ
ਇਨੇ ਈਦ ਤੇ ਰਾਤ ਸ਼ਬਰਾਤ ਹੁੰਦੀ ਵਾਰਸਸ਼ਾਹ ਨਿਤ ਐਸ਼ ਮਨਾਉਂਦੀ ਮੈਂ

ਜਵਾਬ ਰਾਂਝਾ

ਕਰਕੇ ਕੌਲ ਜਬਾਨ ਜੇ ਹਾਰਿਓ ਈ ਤਾਰ ਇਸ਼ਕ ਦੀ ਦਿਲੋਂ ਨਾ ਤੋੜ ਹੀਰੇ
ਪਹਿਲੋਂ ਨਾਲ ਪਿਆਰ ਦੇ ਠੱਗਿਓ ਈ ਨਾ ਹੁਣ ਕੂੜ ਕਹਾਣੀਆਂ ਜੋੜ ਹੀਰੇ
ਝਾਤ ਦੇ ਕੇ ਬਾਗ ਬਹਿਸ਼ਤ ਵਾਲੀ ਸਾਨੂੰ ਚਲੀਂ ਏਂ ਕਲਰੀ ਛੋੜ ਹੀਰੇ
ਕਰੀਏ ਸਾਬ ਤੇ ਪਾਰ ਉਤਾਰ ਦੇਈਏ ਰਾਹ ਵਿਚ ਨਾ ਸੱਟੀਏ ਬੋੜ ਹੀਰੇ
ਪੀੜ ਵੇਲੜੇ ਵਿੱਚ ਕਮਾਦ ਵਾਗੂੰ ਮੇਰਾ ਚਲੀ ਏਂ ਰਸਾ ਨਿਚੋੜ ਹੀਰੇ
ਆਪ ਪਰੀ ਬਣਕੇ ਉਡਣ ਹਾਰ ਹੋਈਏਂ ਸਾਨੂੰ ਇਸ਼ਕ ਦਾ ਜਿੰਨ ਚਮੋੜ ਹੀਰੇ
ਜਾਕੇ ਮਾਣਸੈਂ ਪਲੰਘ ਵਿਛਾਈਆਂ ਤੂੰ ਸਾਡੇ ਰੁਲਣ ਨੂੰ ਕੰਡੜੇ ਰੋੜ ਹੀਰੇ
ਪਹਿਲਾਂ ਨਾਲ ਮੁਹਬਤਾਂ ਗਲੀ ਲਾਯੋ ਪਿਛੋਂ ਲੀਤਾ ਈ ਮੁੱਖ ਮਰੋੜ ਹੀਰੇ
ਆਪ ਚਲੀਂ ਏਂ ਡੋਲੜੀ ਵਿੱਚ ਬਹਿਕੇ ਕਰਕੇ ਅਸਾਂ ਦੇ ਨਾਲ ਅਨਜੋੜ ਹੀਰੇ
ਹੁਣ ਕੀਤੋ ਈ ਕੰਮ ਕੁਸੰਗੀਆਂ ਦਾ ਅਵਲ ਰੋਜ਼ ਦੇ ਸੰਗ ਨੂੰ ਤੋੜ ਹੀਰੇ
ਫੜਕੇ ਬਾਂਹ ਨਾ ਪਾਰ ਉਤਾਰਿਓ ਈ ਨਿਹੁੰ ਲਾ ਨਾ ਚਾੜ੍ਹਿਓ ਤੋੜ ਹੀਰੇ
ਹੀਰਾਂ ਵਿੱਚ ਜਹਾਨ ਦੇ ਲਖ ਹੋਸਣ ਅਤੇ ਰਾਂਝਿਆਂ ਦੀ ਨਹੀਂ ਥੋੜ ਹੀਰੇ
ਕਰਦੇ ਫਰਕ ਨਾ ਜਾਨ ਗਵਾਉਣੇ ਤੋਂ ਜਿਨ੍ਹਾਂ ਯਾਰ ਦੇ ਮਿਲਣ ਦੀ ਲੋੜ ਹੀਰੇ
ਕਾਰਨ ਯਾਰ ਦੇ ਪਾਕ ਦੀਦਾਰ ਪਿਛੇ ਆਸ਼ਕ ਮੋਏ ਨੀ ਸਿਰਾਂ ਨੂੰ ਫੋੜ ਹੀਰੇ
ਬੂਹੇ ਇਸ਼ਕ ਦਰਬਾਰ ਦੇ ਸਦਾ ਖੁਲ੍ਹੇ ਨਹੀਂ ਆਸ਼ਕਾਂ ਨੂੰ ਕਦੇ ਮੋੜ ਹੀਰੇ
ਵਾਰਸਸ਼ਾਹ ਤੇਰੇ ਸਾਡੇ ਹਸ਼ਰ ਮੇਲੇ ਅੰਤ ਰੂਹਾਂ ਤੇ ਕਾਲਬਾਂ ਜੋੜ ਹੀਰ

ਕਲਾਮ ਹੀਰ

ਮੀਆਂ ਰਾਝਿਆਂ ਉਮਰ ਦੇ ਪਏ ਝੇੜੇ ਦੁਖ ਦਰਦ ਮੇਰਾ ਕਿਸ ਵੰਡਣਾ ਏਂ
ਖੇੜੇ ਨਾਲ ਨਹੀਂ ਹੋਵਣਾ ਜੋੜ ਮੇਰਾ ਕਰੇ ਤਲਬ ਤੇ ਝਾੜਨਾ ਛੰਡਣਾ ਏਂ
ਪੰਜੇ ਪੀਰ ਤੇਰੇ ਮੇਰੇ ਵਿੱਚ ਜ਼ਾਮਨ ਜਿਨ੍ਹਾਂ ਬੰਨਕੇ ਸੈਦੜਾ ਫੰਡਨਾ ਏਂ
ਵਾਰਸਸਾਹ ਫਕੀਰ ਦਾ ਪਕੜ ਪਲਾ ਜਿਸਨੇ ਟੁੱਟਿਆਂ ਨੂੰ ਫੇਰ ਗੰਢਨਾ ਏਂ

ਕਲਾਮ ਰਾਂਝਾ

ਹੀਰੇ ਹਿਕਮਤਾਂ ਨਾਲ ਨਾ ਹੋਣ ਮਿੱਠੇ ਕਰੀਏ ਜਤਨ ਜੇ ਤੁੰਮਿਆਂ ਕੌੜਿਆਂ ਨੂੰ
ਅੰਤ ਕੰਨ ਲਪੇਟ ਕੇ ਨਸੀਓਂ ਤੂੰ ਹਾਸਲ ਕੁੱਝ ਨਾਹੀਂ ਪਿਛੇ ਦੌੜਿਆਂ ਨੂੰ
ਓੜਕ ਆਪਣਾ ਆਪ ਸੰਭਾਲਿਓ ਈ ਛਡ ਝੇੜਿਆਂ ਲੰਮਿਆਂ ਚੌੜਿਆਂ ਨੂੰ