(੧੦)
ਯਾਰੋ ਸਿਆਲਾਂ ਦੀਆਂ ਦਾੜੀਆਂ ਵੇਖਦੇ ਹੋ ਜਿਹੀ ਮੰਗ ਮੰਗਵਾਰ ਦੀ ਮਸਰ ਫਲੀ
ਵਿਚੋਂ ਖੋਟੇ ਤੇ ਬਾਹਰੋਂ ਸਾਫ ਦਿਸਣ ਗਲਾਂ ਕਰਨ ਤੇ ਜਾਣੀਏ ਕਰਮ ਬਿੱਲੀ
ਵਾਰਸਸ਼ਾਹ ਮੀਆਂ ਦੇਹੀ ਸੋਹਣੀ ਨੂੰ ਗੱਲ ਵਿਚ ਚਾ ਪਾਂਵਦੇ ਹੈਣ ਟੱਲੀ
ਕਲਾਮ ਰਾਂਝਾ
ਪੈਂਚਾਂ ਪਿੰਡ ਦਿਆਂ ਸੱਚ ਤੋਂ ਤਰਕ ਕੀਤੀ ਕਾਜ਼ੀ ਰਿਸ਼ਵਤਾਂ ਮਾਰ ਕੇ ਚੋਰ ਕੀਤੇ
ਪਹਿਲੇ ਹੋਰਨਾਂ ਨਾਲ ਕਰਾਰ ਕਰ ਕੇ ਤਮ੍ਹਾ ਵੇਖ ਦਾਮਾਦ ਚਾ ਹੋਰ ਕੀਤੇ
ਗੱਲ ਕਰੇ ਈਮਾਨ ਦੀ ਕੱਢ ਛੱਡਣ ਪੈਂਚ ਪਿੰਡ ਦੇ ਠੱਗ ਤੇ ਚੋਰ ਕੀਤੇ
ਅਸ਼ਰਾਫ ਦੀ ਬਾਤ ਮਨਜ਼ੂਰ ਨਾਹੀਂ ਚੋਰ ਚੌਧਰੀ ਅਤੇ ਲੰਡੋਰ ਕੀਤੇ
ਆਲਮ ਅਹਿਲ ਉਲਮਾਇ ਜੱਟ ਸਾਰੇ ਜਾਹਲ ਮਸਲਿਆਂ ਵਿੱਚ ਲਾਹੌਰ ਕੀਤੇ
ਦਿਨੋਂ ਦਿਨ ਕੁੱਝ ਹੋਰ ਦਾ ਹੋਰ ਹੋਇਆ ਗਏ ਵਕਤ ਜ਼ਮਾਨਿਆਂ ਹੋਰ ਕੀਤੇ
ਤਦੋਂ ਫੌਜ ਈਮਾਨ ਦੀ ਨੱਸ ਚਲੀ ਜਦੋਂ ਹਿਰਸ ਤੇ ਤਮ੍ਹਾ ਨੇ ਜ਼ੋਰ ਕੀਤੇ
ਕਾਂ ਬਾਗ ਦੇ ਵਿੱਚ ਕਲੋਲ ਕਰਦੇ ਕੂੜਾ ਫੋਲਣੇ ਦੇ ਉਤੇ ਮੋਰ ਕੀਤੇ
ਜ਼ੋਰਾਵਰੀ ਵਿਆਹ ਲੈ ਗਏ ਖੇੜੇ ਅਸਾਂ ਰੋ ਬਤੇਰੜੇ ਸ਼ੋਰ ਕੀਤੇ
ਵਾਰਸਸ਼ਾਹ ਜੋ ਅਹਿਲ ਈਮਾਨ ਆਹੇ ਤਿਨ੍ਹਾਂ ਜਾ ਡੇਰੇ ਵਿੱਚ ਗੋਰ ਕੀਤੇ
ਕਲਾਮ ਹੀਰ
ਪਿਛੋਂ ਹੀਰ ਨੇ ਇੱਕ ਜਵਾਬ ਲਿਖਿਆ ਦਗ਼ੇਬਾਜ਼ ਜਹਾਨ ਹੈ ਹੋ ਰਹਿਆ
ਕਹਿਣ ਹੋਰ ਤੇ ਹੋਰ ਕਮਾਂਵਦੇ ਨੀ ਕਈ ਲੋਕ ਇਸ ਕੰਮ ਵਿਚ ਹੋ ਰਹਿਆ
ਦਗ਼ੇਬਾਜ਼ ਚਾ ਚੋਰਾਂ ਨੂੰ ਕਰਨ ਸੱਕੇ ਹੱਕਦਾਰ ਹੈ ਅੰਤ ਨੂੰ ਰੋ ਰਹਿਆ
ਸਿਆਲਾਂ ਸੱਚ ਦੇ ਖੇਤ ਚਾ ਆਬ ਦਿਤਾ ਰਾਂਝਾ ਹਕ ਹੋ ਜੋਗ ਨੂੰ ਜੋ ਰਹਿਆ
ਸੱਚੇ ਸੁਖ਼ਨ ਤੋਂ ਖ਼ਲਕ ਦਾ ਤਰਕ ਕੀਤਾ ਕੂੜ ਸੱਚ ਦੇ ਨਾਲ ਸਮੋ ਰਹਿਆ
ਵਿੱਚ ਮਜਲਸਾਂ ਕੂੜ ਦੀ ਫ਼ੌਜ ਧਾਨੀ ਸੁਖਨ ਸੱਚ ਦਾ ਇਕ ਨਾਂ ਹੋ ਰਹਿਆ
ਓੜਕ ਵੇਖ ਕੇ ਦੰਮ ਧੀ ਵੇਚੀਆ ਜੇ ਰਾਂਝਾ ਮੇਲ ਮਸ਼ਾਹਦੇ ਢੋ ਰਹਿਆ
ਵਾਰਸਸ਼ਾਹ ਕੀ ਫ਼ਾਇਦਾ ਜੀਊਣੇ ਦਾ ਜੋ ਕੁੱਝ ਹੋਵਣਾ ਸੀ ਸੋਈ ਹੋ ਰਹਿਆ
ਕਲਾਮ ਰਾਂਝਾ
ਯਾਰੋ ਠੱਗ ਸਿਆਲਾਂ ਤਹਕੀਕ ਜਾਣੋ ਧੀਆਂ ਠਗਣੀਆਂ ਸਭ ਸਿਖਾਉਂਦੇ ਨੇ
ਪੁਤ ਵੇਖ ਸਰਦਾਰਾਂ ਦੇ ਮੋਹ ਲੈਂਦੇ ਉਹਨੂੰ ਮਹੀਂ ਦਾ ਚਾਕ ਬਣਾਉਂਦੇ ਨੇ
ਕੌਲ ਹਾਰ ਜ਼ਬਾਨਾਂ ਦੇ ਸਾਕ ਖੋਵ੍ਹਣ ਪੇਉਂਦ ਹੋਰ ਦੀ ਹੋਰ ਦੇ ਲਾਉਂਦੇ ਨੇ
ਦਾੜੀ ਸ਼ੇਖ ਦੀ ਛੁਰਾ ਕਸਾਈਆਂ ਦਾ ਬੈਠ ਪਰ੍ਹੇ ਵਿਚ ਪੈਂਚ ਸਦਾਉਂਦੇ ਨੇ
ਜਟ ਚੋਰ ਤੇ ਯਾਰ ਤੇ ਰਾਹ ਮਾਰਨ ਮੋਂਹਦੇ ਨਢੀਆਂ ਤੇ ਸੰਨ੍ਹਾਂ ਲਾਉਂਦੇ ਨੇ