ਪੰਨਾ:ਹੀਰ ਵਾਰਸਸ਼ਾਹ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੦)

ਵਹੁਟੀ ਗਭਰੂ ਖੇਲਦੇ ਗਾਨੜੇ ਨੂੰ ਵਾਂਗ ਕੁੱਕੜਾਂ ਕਰਨ ਲੜਾਈਆਂ ਨੇ
ਖਿੜੀਆਂ ਵਾਂਗ ਰਵੇਲ ਚੰਬੇਲ ਸੱਭੇ ਫਿਰੀਆਂ ਹੀਰ ਦੇ ਮੂੰਹ ਜ਼ਰਦਾਈਆਂ ਨੇ
ਪਕੜ ਹੀਰ ਦੇ ਹੱਥ ਪਰਾਤ ਪਾਏ ਬਾਹਾਂ ਮੁਰਦਿਆਂ ਵਾਂਗ ਪਲਮਾਈਆਂ ਨੇ
ਆਵੇ ਹੱਥ ਜਟੇਟੀ ਦੇ ਮੁੰਦਰੀ ਨਾ ਦਿਲ ਹੀਰ ਦੇ ਨਾ ਸਫ਼ਾਈਆਂ ਨੇ
ਕੁੜੀਆਂ ਆਖਦੀਆਂ ਖੇਲ ਤੂੰ ਗਾਨੜੇ ਨੂੰ ਦਿੱਲ ਵਹੁਟੀ ਦੇ ਹੋਰ ਖਫ਼ਾਈਆਂ ਨੇ
ਗਾਨਾ ਏਸ ਭੀ ਮੂਲ ਨਾ ਖੇਲਣਾ ਜੇ ਬਾਹਾਂ ਝੋੱਲਿਆਂ ਮਾਰ ਗਵਾਈਆਂ ਨੇ
ਮਾਨੋਂ ਕਸਮ ਹੈ ਹੀਰ ਨੂੰ ਪੀਰ ਦੀ ਜੇ ਇਨ੍ਹਾਂ ਜਾਦੂਆਂ ਘੱਤ ਸੁਕਾਈਆਂ ਨੇ
ਰੋਣੋ ਏਸ ਬੀ ਮੂਲ ਨਾ ਅਟਕਣਾ ਏਂ ਨਹਿਰਾਂ ਧੁਰੋਂ ਪਹਾੜੋਂ ਜੋ ਆਈਆਂ ਨੇ
ਗਾਨਾ ਖੇਲਿਆ ਉਨ੍ਹਾਂ ਜਟੇਟੀਆਂ ਨੇ ਜਿਹੜੀਆਂ ਖੁਸ਼ੀ ਦੇ ਨਾਲ ਵਿਆਈਆਂ ਨੇ
ਸੁਣਿਆ ਸੁਖਨ ਜਟੇਟੀਆਂ ਹੀਰ ਤੋਂ ਜੀ ਉਸੇ ਵਕਤ ਹੀ ਉੱਠ ਸਿਧਾਈਆਂ ਨੇ
ਰਹੀ ਸੌਨ ਸੁਪੱਤ ਜਟੇਟੀਆਂ ਦੀ ਲਸੀ ਡੋਹਲ ਪਰਾਤ ਲੈ ਆਈਆਂ ਨੇ
ਸਾਨੂੰ ਆਸ ਉਮੈਦ ਬਰਸਾਤ ਦੀ ਸੀ ਘਟਾਂ ਗੜੇ ਦੀਆਂ ਰੱਬ ਵਸਾਈਆਂ ਨੇ
ਸੱਭੇ ਉੱਠ ਗਈਆਂ ਅਵਾਜਾਰ ਹੋ ਕੇ ਕਿਸੇ ਫੇਰ ਨਾ ਮੂਲ ਬਹਾਈਆਂ ਨੇ
ਲਗੇ ਗਮ ਅੰਦੋਹ ਫਿਰਾਕ ਬਹੁਤੇ ਕੁੜੀਆਂ ਮਾਰ ਢਾਹਾਂ ਘਰੀਂ, ਆਈਆਂ ਨੇ
ਕੁਝ ਸ਼ੌਕ ਨਾਂਹ ਸੀ ਉਸਨੂੰ ਨਾਲ ਸੈਦੇ ਜੀਉ ਵਿੱਚ ਕਚੀਚੀਆਂ ਖਾਈਆਂ ਨੇ
ਮਿਥੇ ਹੋਰ ਸੀ ਹੋਰ ਦੇ ਹੋਰ ਹੋਏ ਸ਼ੁਕਰ ਕਰੇ ਜੋ ਰੱਬ ਰਜ਼ਾਈਆਂ ਨੇ
ਚਲੀਆਂ ਉਠ ਸਵਾਣੀਆਂ ਅੱਕ ਘਰੀਂ ਕਰਨ ਸੋਨ ਸੁਪੱਤ ਨਾ ਆਈਆਂ ਨੇ
ਵਾਰਸਸ਼ਾਹ ਮੀਆਂ ਨੈਣਾਂ ਹੀਰ ਦਿਆਂ ਨੇ ਵਾਂਗ ਬਦਲਾਂ ਛਹਿਬਰਾਂ ਲਾਈਆਂ ਨੇ

ਕਾਜ਼ੀ ਚੂਚਕ ਦੀ ਤਸੱਲੀ ਕਰਦਾ ਹੈ

ਕਾਜ਼ੀ ਆਖਿਆ ਚੁਚਕਾ ਭਲਾ ਬਚਿਓਂ ਲੱਥੇ ਅੱਜ ਤਗਾਦੜੇ ਗਲੋਂ ਤੇਰੇ
ਘਰ ਖੇੜਿਆਂ ਦੇ ਜਦੋਂ ਹੀਰ ਗਈ ਚੁੱਕ ਗਏ ਤਦੜੇ ਅਤੇ ਝੇਰੇ
ਵਿੱਚ ਸਿਆਲਾਂ ਦੇ ਵੀ ਚੁਪ ਚਾਂ ਹੋਈ ਅਤੇ ਖੁਸ਼ੀ ਹੋ ਫਿਰਦੇ ਨੇ ਸੱਭ ਖੇੜੇ
ਫੌਜਦਾਰ ਤਗ਼ੱਯਰ ਹੋ ਆਣ ਬੈਠਾ ਕੋਈ ਰਾਂਝੇ ਦੇ ਪਾਸ ਨਾ ਪਾਏ ਫੇਰੇ
ਵਿੱਚ ਤਖ਼ਤ ਹਜ਼ਾਰੇ ਦੇ ਹੋਣ ਗਲਾਂ ਰੱਲ ਭਾਬੀਆਂ ਰਾਂਝੇ ਦੀਆਂ ਕਰਨ ਝੇਰੇ
ਚਿੱਠੀ ਲਿਖਕੇ ਹੀਰ ਦੀ ਉਜ਼ਰ ਖਾਹੀ ਜਿਵੇਂ ਬੋਲੇ ਨੂੰ ਪੁਛੀਏ ਹੋ ਨੇੜੇ
ਤੇਰੇ ਦੁੱਖ ਨੇ ਰਾਂਝਿਆ ਮਾਰ ਸੁਟਿਆ ਨਿਤ ਚਮਕਦੇ ਲੱਗੜੇ ਘਾ ਤੇਰੇ
ਜੇ ਤੂੰ ਰਾਂਝਿਆ ਅਸਾਂ ਨੂੰ ਆਣ ਮਿਲੇਂ ਰੱਬ ਕਰੇਗਾ ਅਸਾਂ ਦੇ ਪਾਰ ਬੇੜੇ
ਦਿਨ ਰਾਤ ਅਰਾਮ ਨਾਂ ਰਾਂਝਣੇ ਨੂੰ ਮੈਨੂੰ ਦਰਦ ਫਿਰਾਕ ਨੇ ਪਾਏ ਘੇਰੇ