ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਵਾਰਸਸ਼ਾਹ ਮੀਆਂ ਵੇਖ ਭਾਬੀਆਂ ਨੇ ਛੁਟੇ ਹਰਟ ਰੰਝੇਟੇ ਦੇ ਫੇਰ ਗੇੜੇ

ਰਾਂਝੇ ਨੂੰ ਭਰਜਾਈਆਂ ਨੇ ਖਤ ਲਿਖਿਆ

ਹੋਈ ਲਿਖੀ ਰੱਜ਼ਾ ਰੰਝੇਟਿਆ ਵੇ ਸਾਡੇ ਅਲੜੇ ਘਾਹ ਨੇ ਤੂੰ ਉਚੇੜੇ
ਮੁੜ ਆ ਨਾ ਵਿਗੜਿਆ ਕੰਮ ਤੇਰਾ ਲਟਕੰਦੜਾ ਘਰੀਂ ਤੂੰ ਪਾ ਫੇਰੇ
ਫੁੱਲ ਦਾ ਨਿਤ ਤੂੰ ਰਹੇਂ ਰਾਖਾ ਓਸ ਫੁੱਲ ਨੂੰ ਤੋੜ ਲੈ ਗਏ ਖੇੜੇ
ਕਿਸ ਵਾਸਤੇ ਫਿਰੇਂ ਤੂੰ ਵਿੱਚ ਝਲਾਂ ਜਿਥੇ ਬਾਘ ਬਘੇਲੇ ਤੇ ਸੀਂਹ ਪੇੜੇ
ਕੋਈ ਨਹੀਂ ਵਸਾਹ ਕੁਆਰੀਆਂ ਦਾ ਐਵੇਂ ਲੋਕ ਨਿਕੰਮੜੇ ਕਰਨ ਝੇੜੇ
ਤੂੰ ਤਾਂ ਮਿਹਨਤਾਂ ਸੈਂ ਦਿਨ ਰਾਤ ਕਰਦਾ ਵੇਖੋ ਕੁਦਰਤਾਂ ਰਬ ਦੀਆਂ ਕੌਣ ਫੇਰੇ
ਦਿਨੇ ਰਾਤ ਖੁਆਰ ਸੈਂ ਵਿੱਚ ਝੱਲਾਂ ਕੌਲ ਕੁਆਰੀਆਂ ਦੇ ਹੋਏ ਨਾਲ ਤੇਰੇ
ਕਲਸ ਜ਼ਰੀ ਦਾ ਚਾੜ੍ਹੀਏ ਚਾ ਰੋਜ਼ੇ ਜਿਸ ਵੇਲੜੇ ਆਣ ਕੇ ਵੜੇਂ ਵੇੜ੍ਹੇ
ਤੇਰੀਆਂ ਮੰਨਤਾਂ ਮੰਨੀਆਂ ਰਾਂਝਿਆ ਵੇ ਲਾਵੀਂ ਵਿੱਚ ਹਜ਼ਾਰੇ ਦੇ ਵੱਤ ਡੇਰੇ
ਦੇਗ ਦੇਵਸਾਂ ਅਲੀ ਦੀ ਛਿੰਜ ਸੁੱਖਾਂ ਗਾਜ਼ੀ ਪੀਰ ਦੇ ਚਾੜ੍ਹੀਏ ਜਾ ਸੇਰ੍ਹੇ
ਓਸ ਜੂਹ ਵਿੱਚ ਫੇਰ ਨਾ ਪੀਣ ਪਾਣੀ ਨੱਸ ਜਾਣ ਜਾਂ ਛੇੜਿਆਂ ਮੁੰਹ ਫੇਰੇ
ਵਾਰਸਸ਼ਾਹ ਇਹ ਨਜ਼ਰ ਸੀ ਅਸਾਂ ਮੰਨੀ ਖੁਆਜਾ ਖਿਜ਼ਰ ਚਰਾਗ ਦੇ ਲਏ ਪੇੜੇ

ਰਾਂਝੇ ਨੇ ਲਿਖਿਆ

ਭਾਬੀ ਖ਼ਿਜ਼ਾਂ ਦੀ ਰੁਤ ਜਦ ਆਣ ਪਹੁੰਚੀ ਭੌਰ ਆਸਰੇ ਤੇ ਜਫ਼ਰ ਜਾਲਦੇ ਨੀ
ਸੇਉਣ ਬੁਲਬੁਲਾਂ ਬੂਟਿਆਂ ਸੁੱਕਿਆਂ ਨੂੰ ਫੇਰ ਫੁੱਲ ਲੱਗਣ ਨਾਲ ਡਾਲਦੇ ਨੀ
ਅਸਾਂ ਜਦੋਂ ਕਦੋਂ ਉਨ੍ਹਾਂ ਪਾਸ ਜਾਣਾ ਜਿਹੜੇ ਮਹਿਰਮ ਅਸਾਡੜੇ ਹਾਲਦੇ ਨੀ
ਭਾਬੀ ਇਸ਼ਕ ਤੋਂ ਨੱਸ ਕੇ ਉਹ ਜਾਂਦੇ ਪੁਤਰ ਹੋਣ ਜੋ ਕਿਸੇ ਕੰਗਾਲ ਦੇ ਨੀ
ਭਾਬੀ ਆਸ਼ਕਾਂ ਦੇ ਦਿੱਲ ਸੱਚ ਹੁੰਦਾ ਤੁਸਾਂ ਕੂੜ ਹੈ ਵਿੱਚ ਖਿਆਲ ਦੇ ਨੀ
ਇਬਰਾਹੀਮ ਅਦਬ ਤੇ ਹਸਨ ਬਸਰੀ ਫੇਰ ਹੋਏ ਮੁੜਕੇ ਮਾਲਕ ਮਾਲ ਦੇ ਨੀ
ਨਿਤ ਵਾਹਦਤਾਂ ਦੇ ਚਰਿਆ ਅੰਦਰ ਜੀਂਦੇ ਮਸਤ ਸ਼ਰਾਬ ਵਸਾਲ ਦੇ ਨੀ
ਸਚਿਆਂ ਆਸ਼ਕਾਂ ਨੂੰ ਕੁੱਛ ਖੌਫ਼ ਨਾਹੀਂ ਆਤਸ਼ ਵਿੱਚ ਸਰੀਰ ਦੇ ਜਾਲਦੇ ਨੀ
ਏਸ ਇਸ਼ਕ ਪਿਛੇ ਲੜਨ ਮਰਨ ਸੂਰੇ ਸਫਾਂ ਡੋਲਦੇ ਖੂਨੀਆਂ ਗਾਲਦੇ ਨੀ
ਮਾਰੇ ਬੋਲੀਆਂ ਦੇ ਘਰੀਂ ਨਹੀਂ ਵੜਦੇ ਵਾਰਸਸ਼ਾਹ ਹੋਰੀਂ ਫਿਰਨ ਭਾਲਦੇ ਨੀ

ਕਲਾਮ ਸ਼ਾਇਰ

ਮੌਜੂ ਚੌਧਰੀ ਦਾ ਪੁੱਤ ਚਾਕ ਲਾਇਆ ਇਹ ਪੇਖਣੇ ਜ਼ੁਲ ਜਲਾਲ ਦੇ ਨੇ
ਜਿਨਾਂ ਸੂਲੀਆਂ ਤੇ ਲਏ ਜਾ ਝੂਟੇ ਮੰਨਸੂਰ ਹੋਰੀਂ ਸਾਡੇ ਨਾਲ ਦੇ ਨੇ
ਲੋਕਾਂ ਕੋਲ ਪੈਗਾਮ ਚਾ ਘੱਲਦੇ ਨੀ ਇਹ ਗੱਲ ਕਿਵੇਂ ਮਗਰੋਂ ਟਾਲ ਦੇ ਨੇ