ਪੰਨਾ:ਹੀਰ ਵਾਰਸਸ਼ਾਹ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩)

ਦਿਨੋ ਦਿਨ ਉਹ ਸੁੱਕਦੀ ਜਾਂਦੜੀ ਏ ਬਾਝ ਦਰਦ ਨਾ ਮੂਲ ਦਰਮਾਂਦੜੀ ਏ
ਕਿਸੇ ਨਾਲ ਨਾ ਹੱਸ ਕੇ ਬੋਲਦੀ ਏ ਮੂੰਹ ਕੱਜ ਕੇ ਪਈ ਸ਼ਰਮਾਂਦੜੀ ਏ
ਸਾਂਗ ਵਿਚ ਕਲੇਜੇ ਦੇ ਰੜਕਦੀ ਏ ਸੀਨੇ ਵਿਚ ਕਟਾਰੀਆਂ ਖਾਂਦੜੀ ਏ
ਧਮੀ ਪੇਕਿਆਂ ਸਹੁਰਿਆਂ ਖੂਹ ਘੱਤੀ ਡਾਬੂ ਜਾਨ ਲੈਂਦੀ ਗੋਤੇ ਖਾਂਦੜੀ ਏ
ਦਿਨ ਵਿਚ ਦਲੀਲਾਂ ਦੇ ਗੁਜ਼ਰਦਾ ਏ ਜਾਏ ਰੋਂਦਿਆਂ ਰਾਤ ਵਿਹਾਂਦੜੀ ਏ
ਭਾਗ ਲਾਂਵਦੀ ਚੁੜਿਆਂ ਬੀੜਿਆਂ ਨੂੰ ਗਹਿਣਾ ਕਪੜਾ ਅੰਗ ਨਾ ਲਾਂਦੜੀ ਏ
ਦੱਮ ਦੱਮ ਰਾਂਝਾ ਰਾਂਝਾ ਕੂਕਦੀ ਏ ਬੈਠੀ ਰਾਤ ਦਿਨ ਵਿਰਦ ਪਕਾਂਦੜੀ ਏ
ਸੂਰਤ ਰਾਂਝੇ ਦੀ ਅੱਖੀਆਂ ਵਿਚ ਰੱਖੇ ਸਿਰ ਸੈਦੜੇ ਦੇ ਭੱਸ ਖਾਂਦੜੀ ਏ
ਬੇੜੀ ਵਾਲੜਾ ਕੌਲ ਸੂ ਯਾਦ ਪਹਿਲਾ ਇਕ ਪਲਕ ਨਾ ਦਿਲੋਂ ਭੁਲਾਂਦੜੀ ਏ
ਡਰਦੀ ਸੱਸ ਨਿਨਾਣ ਤੇ ਦੂਤੀਆਂ ਤੋਂ ਚੁੱਪ ਕੀਤੜੀ ਵਕਤ ਲੰਘੀਦੜੀ ਏ
ਜਦੋਂ ਰਾਂਝਣੇ ਦਾ ਹੀ ਨਾਮ ਸੁਣਿਆ ਲੱਖ ਰੱਬ ਦਾ ਸ਼ੁਕਰ ਮਨਾਂਦੜੀ ਏ
ਕਦੀ ਆ ਰਾਂਝਾ ਦੇਈਂ ਦਰਸ ਮੈਨੂੰ ਤੇਰੀ ਮੁੱਲ ਖਰੀਦੜੀ ਬਾਂਦੜੀ ਏ
ਜਦੋਂ ਮਿਲੇ ਬੇਲੀ ਆਵੇ ਚੈਨ ਮੈਨੂੰ ਦੇਹੀ ਹੋ ਜਾਵੇ ਮੇਰੀ ਚਾਂਦੜੀ ਏ
ਵਾਰਸਸ਼ਾਹ ਆ ਝੱਬ ਦੀਦਾਰ ਦੇਵੀਂ ਜਾਣ ਜਾਨ ਅਜਾਇਆ ਜਾਂਦੜੀ ਏ

ਤਥਾ

ਵਿਚ ਅਖੀ ਦੇ ਇਸ਼ਕ ਦੀ ਚਿਣਗ ਪੁੜੀ ਮਹਿਰਮ ਰਾਜ਼ ਹੋਵੇ ਸੋਈ ਆਣ ਕੱਢੇ
ਢੂੰਡੇ ਰਾਹ ਪਿਆਰਿਆਂ ਵਿਚ ਔਝੜ ਜਿਨ੍ਹਾਂ ਮਾਲ ਤੇ ਮਿਲਖ ਮਹੱਲ ਛੱਡੇ
ਸਹਿਤੀ ਬੈਠਕੇ ਪੁਛਦੀ ਹੀਰ ਤਾਈਂ ਪਏ ਭਾਲੀਏ ਤੁਧ ਨੂੰ ਸੇਹਰ ਵੱਡੇ
ਦਿਨੋ ਦਿਨ ਤੂੰ ਸੁਕਦੀ ਜਾਉਂਦੀ ਏਂ ਦਿਸੇ ਸਾਉਲੀ ਪੀਲੜੀ ਵਾਂਗ ਤ੍ਰੱਡੇ
ਬਦਨ ਹੋ ਰਿਆ ਸੂਕ ਕੁਸੰਗ ਤੇਰਾ ਹੜਬਾਂ ਸਣੇ ਕੰਗਰੋੜ ਦੇ ਹੱਡ ਵੱਡੇ
ਜੰਮੀ ਸਿੱਕਰੀ ਦੇ ਹੋਠਾਂ ਤੇਰਿਆਂ ਤੇ ਲਹੂ ਫਟਦਾ ਤੇ ਪੈਂਦੇ ਜਾਣ ਫੱਡੇ
ਵੇਦਨ ਆਪਣੇ ਜੀਊ ਦੀ ਦੱਸ ਮੈਨੂੰ ਕੇੜ੍ਹੇ ਦੁਖ ਖਾਂਦੇ ਤੈਨੂੰ ਮੂੰਹ ਅੱਡੇ
ਆਹੀ ਮਾਰਨੀ ਏਂ ਉਭੇ ਸਾਹ ਲੈ ਕੇ ਕੋਈ ਜੰਮਦੀ ਨੂੰ ਰੋਗ ਪਿਆ ਹੱਡੇ
ਮੂੰਹੋਂ ਖੋਲ ਕੇ ਗਲ ਨਾ ਕਰਨੀਏਂ ਤੂੰ ਚੁੱਪ ਕੀਤੜੀ ਵਾਂਗ ਸਭਾ ਚੱਡੇ
ਅੜੀਏ ਭਾਬੀਏ ਗੱਲ ਨਾ ਆਖ ਸੱਕਾਂ ਭਾਵੇਂ ਮੱਠੜੀਏਂ ਕਿਸੇ ਛੈਲ ਨੱਢੇ
ਤੇਰੇ ਤੌਰ ਵਿਚੋਂ ਇਹੋ ਦਿੱਸਦਾ ਏ ਛੋਟੀ ਉਮਰ ਤੇ ਦੁੱਖੜੇ ਪਏ ਵੱਡੇ
ਕੋਈ ਚਾ ਨਾ ਵਹੁਟੀਆਂ ਵਾਂਗ ਤੈਨੂੰ ਰਹੇਂ ਖੁੱਥੜੀ ਟੁੱਟੜੀ ਵਾਂਗ ਤ੍ਰੱਡੇ
ਕਾਮਨ ਕਿਸੇ ਦੇ ਪਏ ਨੇ ਜ਼ੋਰ ਤੈਨੂੰ ਧਾਗੇ ਰੇਸ਼ਮੀ ਅਤੇ ਤਵੀਜ਼ ਵੱਡੇ