ਪੰਨਾ:ਹੀਰ ਵਾਰਸਸ਼ਾਹ.pdf/124

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੪)

ਵਾਰਸਸ਼ਾਹ ਤਬੀਬ ਨੂੰ ਮਰਜ਼ ਦਸੀਂ ਤੇਰੇ ਦਰਦ ਤੇ ਵੇਲੜੇ ਸਭ ਵੰਡੇ

ਕਲਾਮ ਹੀਰ ਸਹਿਤੀ ਨਾਲ

ਭੇਤ ਅਵਲੋਂ ਆਖਰੋਂ ਸੱਭ ਕਿੱਸਾ ਸਾਰਾ ਖੋਲ੍ਹ ਕੇ ਹੀਰ ਸੁਣਾਇਆ ਏ
ਸਹਿਤੀ ਸੁਣਦਿਆਂ ਹੀਰ ਤੋਂ ਸਭ ਗਲਾਂ ਹੌਲੀ ਬੈਠ ਕੇ ਕੋਲ ਸਮਝਾਇਆ ਏ
ਤੇਰੇ ਵਾਂਗ ਪਿਆਰੀਏ ਭਾਬੀਏ ਨੀ ਇਸ਼ਕ ਧਾ ਮੇਰੇ ਵੱਲੇ ਆਇਆ ਏ
ਮੈਂ ਭੀ ਨਾਲ ਮੁਰਾਦ ਬਲੋਚ ਦੇ ਨੀ ਤੇਰੇ ਵਾਂਗ ਪਰੇਮ ਰਚਾਇਆ ਏ
ਕਿਸੇ ਹੱਥ ਸੁਨੇਹੜਾ ਘੱਲ ਉਹਨੂੰ ਉਹ ਭੀ ਇਸ਼ਕ ਨੇ ਹੋਗ ਸਤਾਇਆ ਏ
ਖ਼ਤ ਲਿਖ ਕੇ ਭੇਜ ਮੰਗਾ ਉਸ ਨੂੰ ਉਵੇਂ ਆਵਸੀ ਜੇ ਉਸ ਭਾਇਆ ਏ
ਝਬ ਦਏਗਾ ਆਣ ਦੀਦਾਰ ਤੈਨੂੰ ਖਾਤਰ ਜਮ੍ਹਾਂ ਕਰ ਅਸਾਂ ਅਲਾਇਆ ਏ
ਵਾਰਸਸ਼ਾਹ ਨੇਹੁੰ ਲਾਏ ਦੀ ਲਾਜ ਰੱਖੀ ਅਮਲ ਕਰੀਂ ਜੋ ਰੱਬ ਫਰਮਾਇਆ ਏ

ਸੈਦੇ ਨੇ ਹੀਰ ਦੀ ਸੇਜ ਤੇ ਚੜ੍ਹਨਾ ਤੇ ਹੀਰ ਨੇ ਪੀਰ ਨੂੰ ਯਾਦ ਕਰਨਾ

ਇਕ ਰਾਤ ਸੈਦਾ ਬਹੁਤ ਖੁਸ਼ੀ ਸੇਤੀ ਪਲੰਘ ਹੀਰ ਦੇ ਤੇ ਦਾ ਪੈਰ ਧਰਦਾ
ਹੀਰ ਆਖਦੀ ਅਜੇ ਨਮਾਜ਼ ਪੜ੍ਹਨੀ ਸੈਦਾ ਭੱਜਕੇ ਜ਼ਬਰੋ ਜ਼ੇਰ ਕਰਦਾ
ਹੀਰ ਯਾਦ ਕੀਤਾ ਪੀਰ ਆਪਣੇ ਨੂੰ ਹਾਜ਼ਰ ਹੋਇਕੇ ਪੁਛਣਾ ਪੀਰ ਕਰਦਾ
ਹੀਰ ਕਹੇ ਅਮਾਨ ਮੈਂ ਰਾਂਝਣੇ ਦੀ ਪੀਰ ਸੈਦੇ ਨੂੰ ਪਕੜ ਜ਼ਹੀਰ ਕਰਦਾ
ਹੱਡ ਪੈਰ ਓਹਦੇ ਸਭ ਚੁਰ ਕਰ ਕੇ ਪੀਰ ਬੰਨ੍ਹ ਮੁਸ਼ਕਾਂ ਦਾ ਅਸੀਰ ਕਰਦਾ
ਵਾਰਸਸ਼ਾਹ ਸੈਦਾ ਹੱਥ ਜੋੜਦਾ ਏ ਮੈਂ ਤਾਂ ਭੁੱਲ ਗਿਆ ਬਖਸ਼ ਪੀਰ ਮਰਦਾ

ਹੀਰ ਨੇ ਪੀਰ ਬੁਲਾਉਣੇ

ਫ਼ਜ਼ਰ ਹੋਈ ਤੇ ਉੱਠ ਕੇ ਹੀਰ ਜੱਟੀ ਬੈਠ ਅੰਗਣੇ ਵਿਚ ਇਸ਼ਨਾਨ ਕੀਤਾ
ਉੱਧੀ ਪਾਇਕੇ ਗ਼ੱਮ ਦੇ ਵਿਚ ਬੈਠੀ ਰਾਂਝੇ ਯਾਰ ਦੇ ਵਲ ਧਿਆਨ ਕੀਤਾ
ਮੈਂ ਤਾਂ ਤੇਰੀ ਅਮਾਨ ਹਾਂ ਰਾਂਝਿਆ ਵੇ ਦਿਲ ਵਿਚ ਇਕਰਾਰ ਈਮਾਨ ਕੀਤਾ
ਤੇਰੇ ਬਾਝ ਨਾ ਅੰਗ ਤੇ ਨੈਣ ਜੋੜਾਂ ਸ਼ਾਹਦ ਹਾਲ ਦਾ ਰੱਬ ਰਹਿਮਾਨ ਕੀਤਾ
ਕਿਤੇ ਰਾਂਝਣਾ ਨਜ਼ਰ ਨਾ ਆਂਵਦਾ ਏ ਉਸੇ ਵਕਤ ਹੀ ਜੀ ਗ਼ਲਤਾਨ ਕੀਤਾ
ਉਭੇ ਸਾਹ ਲੈ ਕੇ ਗੁੰਮ ਸੁੰਮ ਹੋਈ ਪਿੰਡਾ ਵੱਟਕੇ ਤੇ ਸੁੰਨਸਾਨ ਕੀਤਾ
ਡੁੱਬੀ ਵਿਚ ਦਲੀਲ ਦੇ ਖਾ ਗੋਤਾ ਸੈਰ ਜਾ ਪਤਾਲ ਡੂੰਘਾਨ ਕੀਤਾ
ਸੂਰਤ ਪੀਰ ਦੀ ਵਿਚ ਤਸਵੀਰ ਹੋਕੇ ਰੁਜ਼ੂ ਰੱਬ ਦੀ ਤਰਫ ਰਵਾਨ ਕੀਤਾ
ਜਾਤਾ ਇਕ ਖ਼ੁਦਾ ਬਰਹੱਕ ਜੱਟੀ ਦੁਈ ਦੂਰ ਜਿਉਂ ਰੱਦ ਸ਼ੈਤਾਨ ਕੀਤਾ
ਹੋਈਆਂ ਸਭ ਕਦੂਰਤਾਂ ਦੂਰ ਵਿਚੋਂ ਦਿਲ ਹੀਰ ਦਾ ਨੂਰ ਨੁਰਾਨ ਕੀਤਾ
ਪੰਜ ਪੀਰ ਹੋਏ ਆਣ ਤੁਰਤ ਹਾਜ਼ਰ ਜਦੋਂ ਰੱਬ ਨੇ ਹੁਕਮ ਫੁਰਮਾਨ ਕੀਤਾ