(੧੧੫)
ਵੇਖਣ ਪੀਰ ਸਿਜਦੇ ਵਿਚ ਹੀਰ ਢੱਠੀ ਰੱਖ ਪਿੱਠ ਤੇ ਹੱਥ ਜਗਾਨ ਕੀਤਾ
ਆਖਣ ਉੱਠ ਬੱਚੀ ਖਬਰਦਾਰ ਹੋ ਜਾ ਕਿਹੜੇ ਦੁੱਖ ਤੈਨੂੰ ਪਰੇਸ਼ਾਨ ਕੀਤਾ
ਦਿਲੋਂ ਆਹੁੜੀ ਤੇ ਹੰਝ ਡੁਲ੍ਹ ਪਈਆਂ ਚੁੱਪ ਹੋ ਕੇ ਤੇ ਨਿਮੂਝਾਨ ਕੀਤਾ
ਆਖੇ ਜੱਟ ਜਿਹੜਾ ਤੁਸਾਂ ਬਖਸ਼ਿਆ ਸੀ ਉਦ੍ਹੇ ਇਸ਼ਕ ਮੈਨੂੰ ਖਫ਼ਕਾਨ ਕੀਤਾ
ਇਸ਼ਕ ਚਾਕ ਦੇ ਜੀਉ ਉਜਾੜ ਦਿੱਤਾ ਮੈਂ ਤਾਂ ਆਪਣਾ ਆਪ ਵੈਰਾਨ ਕੀਤਾ
ਔਖੇ ਵਕਤ ਅੰਦਰ ਪੀਰ ਧੀਰ ਕਰਦੇ ਰੱਬ ਤੁਸਾਂ ਤਾਈਂ ਨਿਗਾਹਬਾਨ ਕੀਤਾ
ਦੇਣ ਪਿਆਰ ਦਲਾਸੜੇ ਹੀਰ ਤਾਈਂ ਰੱਬ ਪੀਰਾਂ ਨੂੰ ਚਾ ਮਿਹਰਬਾਨ ਕੀਤਾ
ਆਯਾ ਜੋਸ਼ ਤੇ ਕਸ਼ਫ਼ ਦਾ ਜੋਰ ਕਰਕੇ ਪੀਰਾਂ ਚਾਕ ਸਗਵਾਂ ਹਾਜਰ ਆਨ ਕੀਤਾ
ਕਰ ਝੋਲੀ ਤੇ ਲਈ ਮੁਰਾਦ ਬੱਚੀ ਪੀਰਾਂ ਜਜ਼ਬਿਆਂ ਨਾਲ ਫ਼ਰਮਾਨ ਕੀਤਾ
ਝੋਲੀ ਹੀਰ ਦੀ ਰਾਂਝਣਾ ਪਾ ਪੀਰਾਂ, ਪੀਰਾਂ ਦਿੱਤੜਾ ਨਾਮ ਨਿਸ਼ਾਨ ਕੀਤਾ
ਹੋਯਾ ਫੈਜ਼ ਜਿਉਂ ਉਹਦੀਆਂ ਰਹਿਮਤਾਂ ਦਾ ਰਬ ਕਰਮ ਮੰਦਾ ਧਨ ਦਾਨ ਕੀਤਾ
ਆਖਨ ਜ਼ਾਹਰ ਭੀ ਮਿਲੇਗਾ ਝੱਬ ਤੈਨੂੰ ਜ਼ਾਹਿਰ ਬਾਤਨੀ ਹੁਕਮ ਰਹਿਮਾਨ ਕੀਤਾ
ਰੋਸ ਕੁਤਬ ਤੇ ਔਲੀਆ ਪੀਰ ਅਲਾ ਰੱਬ ਫ਼ਕਰ ਸੰਦਾ ਉੱਚਾ ਸ਼ਾਨ ਕੀਤਾ
ਪੰਜਾਂ ਪੀਰਾਂ ਅਗੇ ਹੀਰ ਅਰਜ਼ ਕੀਤੀ ਨਾਲੇ ਹਾਲ ਅਹਿਵਾਲ ਬਿਆਨ ਕੀਤਾ
ਆਖੇ ਦਰਦ ਫਰਾਕ ਰੰਝੇਟੜੇ ਦਾ ਦਿਨ ਰਾਤ ਮੈਂ ਵਿਰਦ ਜ਼ਬਾਨ ਕੀਤਾ
ਦਿਤੀ ਹੀਰ ਨੂੰ ਬਹੁਤ ਧਰਵਾਸ ਪੀਰਾਂ ਐਪਰ ਇਸ਼ਕ ਜ਼ਾਲਮ ਪਰੇਸ਼ਾਨ ਕੀਤਾ
ਵਾਰਸਸ਼ਾਹ ਫਿਰਾਕ ਦੇ ਨਾਲ ਜੱਟੀ ਬਾਰਾਂ ਮਾਂਹ ਦਾ ਜ਼ਿਕਰ ਬਿਆਨ ਕੀਤਾ
ਬਾਰਾਂ ਮਾਂਹ ਜ਼ਬਾਨੀ ਹੀਰ
ਚੜ੍ਹਿਆ ਸਾਵਣ ਮਾਂਹ ਅਜਾਬ ਵਾਲਾ ਬੰਨ੍ਹ ਮਾਪਿਆਂ ਲੜੀ ਪਾਈਆਂ ਮੈਂ
ਰੋ ਰੋ ਬਤੇਰੜੇ ਜ਼ੋਰ ਕੀਤੇ ਕਾਜ਼ੀ ਖੇੜਿਆਂ ਬੰਨ੍ਹ ਦਿਵਾਈਆਂ ਮੈਂ
ਤਮਾ ਇਸ਼ਕ ਪਿਛੇ ਇਨ੍ਹਾਂ ਲਾਗੀਆਂ ਨੇ ਵਹਿਣ ਸ਼ੌਹ ਦੇ ਘੱਤ ਰੁੜ੍ਹਾਈਆਂ ਮੈਂ
ਖੁਸ਼ੀਆਂ ਨਾਲ ਖੇਡਣ ਕੁੜੀਆਂ ਸਭ ਸਾਵੇਂ ਤਤੀ ਗ਼ਮਾਂ ਦੀ ਪੀਂਘ ਝੁਟਾਈਆਂ ਮੈਂ
ਇਨ੍ਹਾਂ ਮਾਸੀਆਂ ਫੁਫੀਆਂ ਤਾਈਆਂ ਨੇ ਛੱਜ ਛਾਣਨੀ ਘੱਤ ਉਡਾਈਆਂ ਮੈਂ
ਤੇਤੀ ਲੱਖ ਹਜ਼ਾਰ ਪੁਕਾਰ ਕੀਤੀ ਪੈ ਗਈ ਸਾਂ ਵੱਸ ਕਸਾਈਆਂ ਮੈਂ
ਛੁਰੀ ਇਸ਼ਕ ਦੀ ਕਟਕੇ ਜਿਗਰ ਮੇਰਾ ਘੱਤ ਬਿਰਹੋਂ ਦੀ ਤੇਗ ਵਿੰਨ੍ਹਾਈਆਂ ਮੈਂ
ਇਸ ਵੇਲੜੇ ਨੂੰ ਨਹੀਂ ਜਾਣਦੀ ਸਾਂ ਹੱਸ ਹੱਸ ਕੇ ਅਖੀਆਂ ਲਾਈਆਂ ਮੈਂ
ਮੇਰਾ ਵੱਸ ਨਾ ਚਲਦਾ ਇੱਕ ਰੱਤੀ ਰਾਂਝੇ ਯਾਰ ਤੋਂ ਜੁਦਾ ਹੋ ਆਈਆਂ ਮੈਂ
ਵਾਰਸਸ਼ਾਹ ਤਕਦੀਰ ਇਹ ਰੱਬ ਦੀ ਏ ਕੂੰਜ ਕਾਂ ਦੇ ਹੱਥ ਸੌਂਪਾਈਆਂ ਮੈਂ
- '
'