ਸਮੱਗਰੀ 'ਤੇ ਜਾਓ

ਪੰਨਾ:ਹੀਰ ਵਾਰਸਸ਼ਾਹ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੩)

ਏਥੋਂ ਨਿਕਲ ਗਈਏਂ ਭਲਿਆਂ ਦਿਨਾਂ ਵਾਂਗੂੰ ਅਤੇ ਸਾਹੁਰੇ ਜਾ ਪਤੀਜੀਏ ਨੀ
ਰੰਗ ਰੱਤੀਏ ਵਹੁਟੀਏ ਖੇੜਿਆਂ ਦੀਏ ਕੈਦੋ ਲੰਙੇ ਦੀਏ ਗੁੰਡ ਭਤੀਜੀਏ ਨੀ
ਚੁਲੀਆਂ ਪਾ ਪਾਣੀ ਦੁੱਖਾਂ ਨਾਲ ਪਾਲੀ ਕਰਮ ਸੈਦੇ ਦੇ ਮਾਪਿਆਂ ਬੀਜੀਏ ਨੀ
ਸੰਗ ਛੱਡ ਕੇ ਸੰਗ ਕੁਸੰਗ ਰਲੀਏਂ ਕਿਉਂ ਸੰਗ ਦੇ ਬੀਜ ਨੂੰ ਬੀਜੀਏ ਨੀ
ਖੇੜੇ ਸਾਹੁਰੇ ਚਾ ਬਣਾਇਓ ਨੀ ਸੈਦੇ ਖੇੜੇ ਤੇ ਫੱਬ ਕੇ ਰੀਝੀਏ ਨੀ
ਕਾਸਦ ਹੀਰ ਨੂੰ ਆਖਦਾ ਜਾਇਕੇ ਤੇ ਖਤ ਚਾਕ ਦਾ ਲਿੱਖਿਆ ਲੀਜੀਏ ਨੀ
ਵਾਰਸਸ਼ਾਹ ਤੈਨੂੰ ਹੁਣ ਆਖਦਾ ਏ ਠੱਗੀ ਮਿਤਰਾਂ ਨਾਲ ਨਾ ਕੀਜੀਏ ਨੀ

ਖਤ ਦਾ ਜਵਾਬ ਹੀਰ ਨੇ ਰਾਂਝੇ ਵਲ ਘਲਿਆ

ਤੇਰੇ ਵਾਸਤੇ ਬਹੁਤ ਉਦਾਸ ਹਾਂ ਮੈਂ ਰੱਬਾ ਮੇਲ ਤੂੰ ਚਿਰੀਂ ਵਿਛੁੰਨਿਆਂ ਨੂੰ
ਬੰਨ ਮਾਪਿਆਂ ਨੇ ਦਿੱਤੀ ਜ਼ਾਲਮਾਂ ਨੂੰ ਲੱਗਾ ਲੂਣ ਕਲੇਜਿਆਂ ਭੰਨਿਆਂ ਨੂੰ
ਮੌਤ ਅਤੇ ਸੰਜੋਗ ਨਾ ਟਲੇ ਮੂਲੇ ਕੌਣ ਮੋੜਦਾ ਸਾਹਿਆਂ ਪੁੰਨਿਆਂ ਨੂੰ
ਜੋਗੀ ਹੋ ਕੇ ਆਇੰ ਤੂੰ ਸੱਜਣਾ ਓਇ ਕੌਣ ਜਾਣਦਾ ਜੋਗੀਆਂ ਮੁੰਨਿਆਂ ਨੂੰ
ਵਿਹੜੇ ਵਿੱਚ ਤੂੰ ਆਣ ਕੇ ਪਾ ਫੇਰਾ ਮੈਂ ਤਾਂ ਲੱਭ ਲਵਾਂ ਯਾਰਾਂ ਮੁੰਨਿਆਂ ਨੂੰ
ਵਾਰਸਸ਼ਾਹ ਉਸ ਰੱਬ ਦੀ ਮਿਹਰ ਬਾਝੋਂ ਭਲਾ ਕੌਣ ਹਸਾਉਂਦਾ ਗੁੰਨਿਆਂ ਨੂੰ

ਕਲਾਮ ਸ਼ਾਇਰ

ਕੈਦੋ ਆਣ ਜਲਦੀ ਖਿਚੀ ਵਾਂਗ ਕਿਸਮਤ ਕੋਇਲ ਲੰਕਾ ਦੇ ਬਾਗ ਦੀ ਗਈ ਦਿੱਲੀ
ਮੈਨਾ ਲਈ ਬੰਗਾਲਿਓਂ ਚਾਕ ਕਮਲੇ ਖੇੜਾ ਪਿਆ ਅਜਗੈਬ ਦੀ ਆਣ ਬਿੱਲੀ
ਚੁਸਤੀ ਆਪਣੀ ਪਕੜ ਨਾ ਹਾਰ ਹਿੰਮਤ ਹੀਰ ਨਾਹੀਓਂ ਇਸ਼ਕ ਦੇ ਵਿੱਚ ਢਿੱਲੀ
ਕੋਈ ਜਾਇਕੇ ਪਕੜ ਫ਼ਕੀਰ ਕਾਮਲ ਫਕਰ ਮਾਰਦੇ ਵਿੱਚ ਰਜ਼ਾ ਕਿੱਲੀ
ਹੋ ਮਸਤ ਮਲੰਗ ਦੀਵਾਨੜਾ ਤੂੰ ਸੇਲ੍ਹੀ ਗੋਦੜੀ ਪਹਿਣ ਹੋ ਸ਼ੇਖ ਚਿੱਲੀ
ਵਾਰਸਸ਼ਾਹ ਇਹ ਇਸ਼ਕ ਦਰਯਾ ਘਰ ਹੀਰ ਤੁੱਲ੍ਹਿਓਂ ਬਾਝ ਮਲਾਹ ਠਿੱਲੀ

ਹੀਰ ਦੀ ਚਿਠੀ ਰਾਂਝੇ ਵਲ

ਦਿੱਤੀ ਹੀਰ ਲਿਖਾਇਕੇ ਇਹ ਚਿੱਠੀ ਮੀਏਂ ਰਾਂਝੇ ਦੇ ਹੱਥ ਲੈ ਜਾ ਦੇਣੀ
ਕਿਤੇ ਬੈਠ ਨਵੇਕਲੇ ਸੱਦ ਮੁਲਾਂ ਸਾਰੀ ਖੋਲ੍ਹਕੇ ਬਾਤ ਸੁਣਾ ਦੇਣੀ
ਹਥ ਬੰਨ੍ਹ ਕੇ ਮੇਰਿਆਂ ਸੱਜਣਾਂ ਨੂੰ ਰੋ ਰੋ ਸਲਾਮ ਦੁਆ ਦੇਣੀ
ਮਰ ਚੁੱਕੀਆਂ ਜਾਨ ਹੈ ਨੱਕ ਉੱਤੇ ਇਕ ਵਾਰ ਪਿਆਰੇ ਦੀਦ ਆ ਦੇਣੀ
ਸੈਦਾ ਹੱਥ ਨਾ ਲਾਉਂਦਾ ਮੰਜੜੇ ਨੂੰ ਹੱਥ ਲਾਇਕੇ ਗੋਰ ਵਿੱਚ ਪਾ ਦੇਣੀ
ਕੱਖ ਹੋ ਰਹੀਆਂ ਗ਼ਮਾਂ ਨਾਲ ਰਾਂਝਾ ਸ਼ਾਮੀ ਘਤ ਕੇ ਫੇਰ ਦਬਾ ਦੇਣੀ
ਪੜ੍ਹੀ ਆਪ ਜਨਾਜ਼ਾ ਤੂੰ ਆ ਰਾਂਝਾ ਲਾਸ਼ ਤੜਫਦੀ ਸ਼ਾਂਤ ਕਰਾ ਦੇਣੀ