ਪੰਨਾ:ਹੀਰ ਵਾਰਸਸ਼ਾਹ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੫)

ਕਾਸਦ ਆਣ ਰੰਝੇਟੇ ਨੂੰ ਖ਼ੱਤ ਦਿਤਾ ਨੱਢੀ ਮੋਈ ਹੈ ਨੱਕ ਤੇ ਜਾਨ ਮੀਆਂ
ਕੋਈ ਪਾ ਭੁਲਾਉੜਾ ਠੱਗਿਆ ਈ ਸਿਰ ਘੱਤਿਆ ਚਾ ਮਸਾਨ ਮੀਆਂ
ਇਕ ਘੜੀ ਅਰਾਮ ਨਾ ਆਉਂਦਾ ਏ ਕਿਹਾ ਠੋਕਿਓ ਪ੍ਰੌਮ ਦਾ ਬਾਨ ਮੀਆਂ
ਨਾਲ ਖੇੜਿਆਂ ਦੇ ਉਦ੍ਹਾ ਪਿਆਰ ਨਾਹੀਂ ਲੋਕ ਲਾ ਥੱਕੇ ਸਭੇ ਤਾਨ ਮੀਆਂ
ਨਾਲ ਸੌਣ ਨਾ ਦੇਂਵਦੀ ਸੈਦੜੇ ਨੂੰ ਚੁੱਕੀ ਮੂਲ ਨਾ ਓਸ ਦੇ ਕਾਨ ਮੀਆਂ
ਜਿਸ ਵਕਤ ਮੰਜੀ ਉਤੇ ਪੈਰ ਧਰਦਾ ਓਸੇ ਵਕਤ ਪੈਂਦਾ ਸ਼ੋਰ ਆਨ ਮੀਆਂ
ਤੇਰੇ ਵਾਸਤੇ ਰਾਤ ਨੂੰ ਗਿਣੇ ਤਾਰੇ ਕਿਸ਼ਤੀ ਨੂਹ ਦੀ ਵਿੱਚ ਤੂਫਾਨ ਮੀਆਂ
ਮੂੰਹੋਂ ਤੁੱਧ ਦਾ ਨਾਮ ਹੈ ਕੱਢ ਬਹਿੰਦੀ ਉਥੇ ਨਿਤ ਪੌਂਦੀ ਘਮਸਾਨ ਮੀਆਂ
ਤੇਰਾ ਨਾਮ ਲੈ ਲੈ ਨੱਢੀ ਜੀਂਊਂਦੀ ਏ ਭਾਵੇਂ ਜਾਨ ਤੇ ਭਾਵੇਂ ਨਾ ਜਾਨ ਮੀਆਂ
ਰਾਤ ਘੜੀ ਨਾ ਸੇਜ ਤੇ ਮੂਲ ਸੌਂਦੀ ਰਹੇ ਲੋਕ ਬਥੇਰੜਾ ਰਾਨ ਮੀਆਂ
ਜੋਗੀ ਹੋਇ ਕੇ ਨਗਰ ਵਿੱਚ ਪਾ ਫੇਰਾ ਮੌਜਾਂ ਨਾਲ ਤੂੰ ਨੱਢੜੀ ਮਾਨ ਮੀਆਂ
ਵਾਰਸਸ਼ਾਹ ਮੀਆਂ ਸਭੇ ਕੰਮ ਹੁੰਦੇ ਜਦੋਂ ਰੱਬ ਹੁੰਦਾ ਮਿਹਰਬਾਨ ਮੀਆਂ

ਹੀਰ ਦਾ ਖ਼ਤ ਰਾਂਝੇ ਨੇ ਪੜ੍ਹਾਉਣਾ

ਚਿਠੀ ਨਾਮ ਤੇਰੇ ਲਿਖੀ ਨੱਢੜੀ ਨੇ ਵਿਚ ਲਿਖੇ ਨੇ ਦਰਦ ਫਿਰਾਕ ਸਾਰੇ
ਰਾਂਝਾ ਤੁਰਤ ਪੜ੍ਹਾਕੇ ਖੁਸ਼ੀ ਹੋਇਆ ਦਿਲੋਂ ਸਾਹ ਦੀ ਠੰਢੜੀ ਆਹ ਮਾਰੇ
ਮੁਲਾਂ ਲਿੱਖ ਤੂੰ ਦਰਦ ਫਿਰਾਕ ਮੇਰਾ ਜਿਹੜਾ ਅੰਬਰੋਂ ਸੁੱਟਦਾ ਤੋੜ ਤਾਰੇ
ਗਿਲਾ ਸਿੱਖ ਦੇ ਦਿਲਾਂ ਦੇ ਦੁੱਖੜੇ ਦਾ ਲਿਖਣ ਪਿਆਰਿਆਂ ਨੂੰ ਜਿਵੇਂ ਯਾਰ ਪਯਾਰੇ
ਕਾਸਦ ਦੇ ਕੇ ਖ਼ੱਤ ਹੋ ਗਿਆ ਫ਼ਾਰਗ ਕੀਤਾ ਫੇਰ ਖ਼ੁਦਾਅ ਦਾ ਸ਼ੁਕਰ ਬਾਰੇ
ਵਾਰਸ ਕੰਮ ਉਹੀ ਜਿਹੜੇ ਰੱਬ ਕਰਸੀ ਉਦੀਆਂ ਕੁਦਰਤਾਂ ਤੋਂ ਮੈਂ ਵਾਰੇ ਵਾਰੇ

ਰਾਂਝੇ ਨੇ ਹੀਰ ਦੇ ਖ਼ਤ ਦਾ ਜਵਾਬ ਦੇਣਾ

ਲਿਖਿਆ ਇਹ ਜਵਾਬ ਰੰਝੇਟੜੇ ਨੇ ਜਦੋਂ ਜੀਉ ਵਿੱਚ ਓਸਦੇ ਸ਼ੋਰ ਪਏ
ਉਸੇ ਰੋਜ਼ ਦੇ ਅਸੀਂ ਫਕੀਰ ਹੋਏ ਜਿੱਸ ਰੋਜ਼ ਦੇ ਹੁਸਨ ਤੇ ਚੋਰ ਪਏ
ਪਹਿਲੇ ਦੁਆ ਸਲਾਮ ਪਿਆਰਿਆਂ ਨੂੰ ਮਝੂ ਵਾਹ ਫ਼ਿਰਾਕ ਦੇ ਬੋੜ ਪਏ
ਅਸਾਂ ਜਾਨ ਤੇ ਮਾਲ ਦਰਪੇਸ਼ ਕੀਤਾ ਤੁਸੀਂ ਲੱਗੜੀ ਪਰੀਤ ਨੂੰ ਤੋੜ ਗਏ
ਸਾਡੀ ਗੱਲ ਨਾ ਪੁਛਦਾ ਮੂਲ ਕੋਈ ਮੁੱਖ ਯਾਰ ਜਦੋਂ ਕੰਨੇ ਮੋੜ ਗਏ
ਸਾਡਾ ਵਾਸ ਆਇਆ ਵਿੱਚ ਉੱਲੂਆਂ ਦੇ ਉੱਡ ਮਾਰ ਉਡਾਰੀਆਂ ਮੋਰ ਗਏ
ਸਾਡੀ ਜ਼ਾਤ ਸਫਾਤ ਬਰਬਾਦ ਕਰਕੇ ਲੜ ਖੇੜਿਆਂ ਦੇ ਨਾਲ ਜੋੜ ਗਏ
ਆਪ ਹੱਸ ਕੇ ਸਾਹੁਰਾ ਮਲਿਆ ਜੇ ਸਾਡੇ ਰੂਪ ਦਾ ਰਸਾ ਨਚੋੜ ਗਏ