ਪੰਨਾ:ਹੀਰ ਵਾਰਸਸ਼ਾਹ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)

ਅਗੇ ਲੋਕਾਂ ਦੇ ਝਗੜੇ ਬਾਲ ਸੇਕੇ ਜ਼ਰਾ ਆਪਣੇ ਨੂੰ ਚਿਣਗ ਲਾ ਲਈਏ
ਜਦੋਂ ਆਪ ਘਰ ਬਾਰ ਵਿਸਾਰ ਦੇਈਏ ਤਦੋਂ ਝਗੜਿਆਂ ਦੀ ਪੰਡ ਚਾ ਲਈਏ
ਕੰਘੀ ਵਾਂਗ ਹੋ ਚੀਰ ਕੇ ਆਪ ਤਾਈਂ ਹੁਣ ਜ਼ੁਲਫ ਮਹਿਬੂਬ ਦੀ ਵਾਹ ਲਈਏ
ਅਗੇ ਝੰਗ ਸਿਆਲਾਂ ਦੀ ਸੈਰ ਕੀਤੀ ਜ਼ਰਾ ਖੇੜਿਆਂ ਨੂੰ ਝੋਕ ਲਾ ਲਈਏ
ਕਿਸੇ ਜੋਗੀ ਦੇ ਨਾਲ ਪਿਆਰ ਪਾਈਏ ਰੰਨ ਲਿਆਵਣੇ ਦਾ ਸਿਹਰਾ ਪਾ ਲਈਏ
ਵਾਰਸਸ਼ਾਹ ਮਹਿਬੂਬ ਨੂੰ ਤਦੋਂ ਪਾਈਏ ਜਦੋਂ ਆਪਣਾ ਆਪ ਗਵਾ ਲਈਏ

ਹੋਰ

ਧੀਦੋ ਹੋਰ ਦਲੀਲ ਦੀ ਗੌਰ ਕੀਤੀ ਅਸਾਂ ਪਹੁੰਚਣਾ ਏਂ ਮੰਜਲ ਦੁਰ ਯਾਰੋ
ਸਿਰ ਤੇ ਭਾਰ ਫਿਰਾਕ ਤੇ ਨਦੀ ਮਾਰੂ ਕਿਵੇਂ ਲੰਘੀਏ ਪਹਿਲੜੋ ਪੂਰ ਯਾਰੋ
ਖਾਲੀ ਫ਼ਕਰ ਦੇ ਇਸ਼ਕ ਦੀ ਚਾਲ ਚੰਗੀ ਚਲੋ ਏਸ ਦੁਕਾਨ ਜ਼ਰੂਰ ਯਾਰੋ
ਟਿੰਡ ਟੁਕੜਿਆਂ ਦੀ ਰਲਕਾ ਲੈਣਾ ਬਾਝੋਂ ਮਾਮਲੇ ਬਾਝ ਫਤੂਰ ਯਾਰੋ
ਦੋ ਵਕਤ ਵੇਲੇ ਵਾਂਗ ਅਹਿਦੀਆਂ ਦੇ ਹਾਜ਼ਰ ਬੋਲਣਾ ਹੋ ਜ਼ਰੂਰ ਯਾਰੋ
ਨਾਲ ਫਿਕਰ ਦੇ ਚੁੱਲ੍ਹ ਨਾ ਤਾ ਬਹਿਣੀ ਨਹੀਂ ਝੁਲਕਣਾ ਵਾੜ ਤੇ ਨੂਰ ਯਾਰੋ
ਦੇ ਕੇ ਬਾਂਹ ਸਰਹਾਣੇ ਤੋਂ ਘੂਕ ਸੌਣਾ ਫੇਰ ਉੱਠ ਕੇ ਬੈਠਣਾ ਘੂਰ ਯਾਰੋ
ਵਾਰਸਸ਼ਾਹ ਦਾ ਬੋਲਣਾ ਭੇਤ ਅੰਦਰ ਦਾਨਸ਼ਮੰਦ ਨੂੰ ਗੌਰ ਜ਼ਰੂਰ ਯਾਰੋ

ਰਾਂਝੇ ਦਾ ਫ਼ਕੀਰ ਹੋਣ ਨੂੰ ਤਿਆਰ ਹੋਣਾ

ਬੁੱਝੀ ਇਸ਼ਕ ਦੀ ਅੱਗ ਨੂੰ ਵੀ ਲੱਗੀ ਸਮਾਂ ਆਇਆ ਏ ਸ਼ੌਕ ਜਗਾਉਣੇ ਦਾ
ਬਾਲਨਾਥ ਦੇ ਟਿਲੇ ਦਾ ਰਾਹ ਫੜਿਆ ਮਤਾ ਜਾਗਿਆ ਕੰਨ ਪੜਾਉਣੇ ਦਾ
ਯਾਰ ਮਿਲੇ ਤਾਂ ਸ਼ੁਕਰ ਬਜਾਇ ਲਿਆਈਏ ਕਿਹਾ ਫ਼ਾਇਦਾ ਉਮਰ ਗਵਾਉਣੇ ਦਾ
ਯਾਰੋ ਆਖਦੇ ਹੈ ਜੋ ਨਾਥ ਜੋਗੀ ਵੱਲ ਜਾਣਦਾ ਪਾਰ ਲੰਘਾਉਣੇ ਦਾ
ਇੱਕ ਰੋਜ਼ ਵਿਚ ਪੰਧ ਕਰ ਗਿਆ ਸਾਰਾ ਐਸਾ ਚਾ ਸੀ ਭੇਖ ਵਟਾਉਣੇ ਦਾ
ਨਾ ਉਮੈਦ ਹੋਯਾ ਦੁਨੀਆਦਾਰੀਆਂ ਤੋਂ ਫ਼ਿਕਰ ਲਾਹਿਆ ਸੂਫੇਰ ਮੁੜ ਆਉਣੇ ਦਾ
ਨਾਲੇ ਆਖਦਾ ਜੋ ਕਰਾਮਾਤ ਹੋਵੇ ਨਾਲੇ ਆਖਦਾ ਕੰਮ ਬਣਾਉਣੇ ਦਾ
ਪਟੇ ਵਾਲ ਮਲਾਈਆਂ ਦੇ ਨਾਲ ਪਾਲੇ ਵਕਤ ਆਯਾ ਸੂ ਰਗੜ ਮੁਨਾਉਣੇ ਦਾ
ਬੁੰਦੇ ਸੋਨੇ ਦੇ ਲਾਹ ਕੇ ਚਾਅ ਚੜ੍ਹਿਆ ਕੰਨ ਪਾੜ ਕੇ ਮੁੰਦਰਾਂ ਪਾਉਣੇ ਦਾ
ਜਰਮ ਕਰਮ ਤਿਆਗ ਕੇ ਥਾਪ ਬੈਠਾ ਕਿਸੇ ਜੋਗੀ ਦੇ ਹੱਟ ਵਿਕਾਉਣੇ ਦਾ
ਕਿਸੇ ਐਸੇ ਗੁਰਦੇਵ ਦੀ ਟਹਿਲ ਕਰੀਏ ਵੱਲ ਸਿੱਖੀਏ ਰੰਨ ਖਿਸਕਾਉਣੇ ਦਾ
ਵਾਰਸਸ਼ਾਹ ਮੀਆਂ ਇਨ੍ਹਾਂ ਆਸ਼ਕਾਂ ਨੂੰ ਫ਼ਿਕਰ ਜਰਾ ਨਾ ਜਿੰਦ ਗਵਾਉਣੇ ਦਾ